ਬੰਨ੍ਹੀਏ। ਚਲੋ, ਜੇ ਕੋਈ ਅਫ਼ਸਰ ਸੜਕ ਦੀ ਰੋਕ ਤੇ ਮਸੂਲ ਲੈਣ ਦੀ ਖ਼ਬਰ ਸੁਣ ਕੇ ਵੀ ਨਹੀਂ ਆਉਂਦਾ ਤਾਂ ਕੋਈ ਹੋਰ ਹੀਲਾ ਕਰੀਏ। ਮਾਲੂਮ ਹੁੰਦਾ ਹੈ ਕਿ ਪੱਟੀ ਦਾ ਹਾਕਮ, ਸੂਬੇ ਤਕ ਖ਼ਬਰ ਨਹੀਂ ਪੁੱਜਣ ਦੇਂਦਾ ਸੋ ਅਸੀਂ ਸੂਬੇ ਨੂੰ ਇਕ ਚਿੱਠੀ ਲਿਖ ਭੇਜੀਏ।” ਮੁੱਦਾ ਲਾਹੌਰ ਨੂੰ ਸਿੱਧੀ ਚਿੱਠੀ ਲਿਖੀ ਗਈ, ਜੋ ਅੱਖਰਾਂ ਦੇ ਪ੍ਰਭਾਵ ਦੇ ਲਿਹਾਜ਼ ਨਾਲ ਬੀਰਤਾ ਦੇ ਇਤਿਹਾਸ ਵਿਚ ਸਭ ਤੋਂ ਉੱਚੀ ਜਗ੍ਹਾ ਪ੍ਰਾਪਤ ਕਰ ਸਕਦੀ ਹੈ।
ਚਿੱਠੀ ਵਿਚ ਸੂਬੇ ਨੂੰ ਇਹ ਦੱਸਿਆ ਗਿਆ ਹੈ ਕਿ ਤੁਹਾਡੇ ਜ਼ੁਲਮ-ਰਾਜ ਦੇ ਮੁਕਾਬਲੇ 'ਤੇ ਬਗ਼ਾਵਤ ਦਾ ਝੰਡਾ ਚੁੱਕ ਕੇ ਮੈਂ ਕਈ ਦਿਨਾਂ ਤੋਂ ਨੂਰ ਦੀ ਸਰਾਂ ਕੋਲ ਖੜੋਤਾ ਤੁਹਾਡੇ ਤਕ ਖ਼ਬਰ ਪਹੁੰਚਾਣ ਲਈ ਲੋਕਾਂ ਕੋਲੋਂ ਮਸੂਲ ਉਗਰਾਹ ਰਿਹਾ ਹਾਂ। ਮੇਰੇ ਕੋਲ ਸ਼ਸਤਰ ਕੇਵਲ ਇਕ ਮੋਟਾ ਜਿਹਾ ਸੋਟਾ ਹੈ ਪਰ ਧਰਮ ਨਿਆਏ ਦਾ ਮੁਦਈ, ਸੱਚ ਦੇ ਸਹਾਰੇ ਰੋਸ ਪ੍ਰਗਟ ਕਰਨ ਦਾ ਨਿਸ਼ਾਨ, ਸੋਟਾ ਹੱਥ ਵਿਚ ਲਈ ਸਰਕਾਰੀ ਫ਼ੌਜਾਂ ਦੀ ਉਡੀਕ ਕਰ ਰਿਹਾ ਹਾਂ:
ਆਨਾ ਗੱਡਾ ਪੈਸਾ ਖੋਤਾ।
ਇਹ ਜਗਾਤ ਲੈਂਦਾ ਸਿੰਘ ਬੋਤਾ।
ਹਥ ਵਿਚ ਰਖਦਾ ਏ ਮੋਟਾ ਸੋਟਾ।
ਸੂਬੇ ਨੇ ਲਾਹੌਰ ਤੋਂ ਫ਼ੌਜ ਨੂੰ ਹੁਕਮ ਦੇ ਕੇ ਨੂਰ ਦੀ ਸਰਾਂ ਵੱਲ ਰਵਾਨਾ ਕਰ ਦਿੱਤਾ। ਫ਼ੌਜ ਲਾਹੌਰੋਂ ਆ ਗਈ, ਗਿਣਤੀ ਵਿਚ ਪੰਜ ਸੌ ਜੁਆਨ ਸੀ। ਉਨ੍ਹਾਂ ਨੇ ਬੀਰਾਂ ਕੋਲੋਂ ਸ਼ਸਤਰ ਸੁੱਟ ਆਪਣੇ ਆਪ ਨੂੰ ਹਵਾਲੇ ਕਰ ਦੇਣ ਦੀ ਮੰਗ ਕੀਤੀ। [1]ਜਥੇਦਾਰ ਨੇ ਕਿਹਾ, “ਆਪਣਾ ਆਪ ਇਕ ਵੇਰ ਗੁਰੂ ਪੰਥ ਦੇ ਹਵਾਲੇ ਕਰ ਚੁੱਕੇ ਹਾਂ। ਇਸ ਮਿੱਟੀ ਦੀ ਮੜੋਲੀ ਤਨ ਦੇ ਬਚਾਅ ਲਈ ਅਮਾਨਤ ਵਿਚ ਖ਼ਿਆਨਤ ਕੌਣ ਕਰੇ।” ਓੜਕ ਸਿੰਘਾਂ ਨੇ ਬੀਰ ਕਿਰਿਆ ਕੀਤੀ ਤੇ ਸ਼ਹੀਦੀ ਪਾ ਕੇ ਸਚਖੰਡ ਸਮਾ ਗਏ।
ਇਹ ਬੀਰ ਸਾਕੇ ਕੁਝ ਮੁਲਕਗ਼ੀਰੀ ਦੇ ਖ਼ਿਆਲ ਨਾਲ ਨਹੀਂ ਹੋਏ। ਇਹ ਨਾਮ ਅਭਿਆਸੀ ਸਾਧੂਆਂ ਦੇ ਬੀਰ ਰਸ ਦੇ ਚਮਤਕਾਰ ਸਨ। ਮੱਲਾਂ ਮਾਰਨ ਵਾਲੇ ਸਿਪਾਹੀ ਏਥੋਂ ਤਕ ਨਹੀਂ ਪੁੱਜ ਸਕਦੇ। ਸਿਪਾਹੀ ਤਾਂ ‘ਸਾਅਦੀ' ਦੇ ਕਹੇ ਅਨੁਸਾਰ ‘ਜ਼ਰ ਲੈਂਦਾ ਤੇ ਸਿਰ ਦੇਂਦਾ ਹੈ, ਜੇ ਉਸ ਨੂੰ ਜ਼ਰ ਨਾ ਦਿਓ ਤਾਂ ਸਿਰ ਨਹੀਂ ਦੇਂਦਾ।'
ਜ਼ਰ ਬਦੇਹਿ ਮਰਦੇ ਸਿਪਾਹੀ ਰਾ, ਤਾ ਸਰ ਬਿਦਹਦ
ਵਗਰਸ ਜ਼ਰ ਨਾ ਦਹੀ, ਸਰ ਬਿਨਹਦ ਦਰ ਆਲਮ।
ਪਰ ਸੰਤ ਅਜਿਹੇ ਸੌਦੇ ਨਹੀਂ ਕਰਦੇ, ਉਹ ਬਦੇਹ ਮੁਕਤ ਹੁੰਦੇ ਹਨ। ਸਰੀਰ ਨੂੰ ਸੇਵਾ ਲਈ ਪਾਲਦੇ ਹਨ ਤੇ ਜਦ ਸੇਵਾ ਕੁਰਬਾਨੀ ਮੰਗੇ ਤਾਂ ਹੱਸ ਕੇ ਦੇਂਦੇ ਹਨ। ਨਿਜ ਅਨੰਦ ਵਿਚ ਮਸਤ ਸਾਧੂ, ਸ੍ਰੀ ਹਰਿਮੰਦਰ ਸਾਹਿਬ ਦੀ ਪਰਕਰਮਾ ਵਿਚ, ਮਹਾਂਬੀਰ ਬਾਬਾ ਦੀਪ ਸਿੰਘ ਦੀ ਪਈ ਹੋਈ ਤਸਵੀਰ, ਹਰ ਦਰਸ਼ਕ ਨੂੰ ਇਸ ਸੱਚਾਈ ਦਾ ਪਰਚਾ ਪਾਂਦੀ ਹੈ। ਧਰਮ ਯੁਧ ਕਰਦਿਆਂ, ਜਰਵਾਣਿਆਂ ਦੀ ਫ਼ੌਜ ਦਾ ਭਾਰੀ ਜ਼ੋਰ ਹੋਣ ਕਰਕੇ ਬਾਬਾ ਜੀ ਘਿਰ
- ↑ ਸਿੰਘ ਦੋ ਰਲ ਤੁਰਨ ਤਾਂ ਜਥਾ ਕਿਹਾ ਜਾਂਦਾ ਹੈ ਤੇ ਮਰਯਾਦਾ ਅਨੁਸਾਰ ਇਕ ਨੂੰ ਜਥੇਦਾਰ ਥਾਪ ਲਿਆ ਜਾਂਦਾ ਹੈ, ਇਸ ਜਥੇ ਵਿਚ ਭਾਈ ਬੋਤਾ ਸਿੰਘ ਜਥੇਦਾਰ ਸੀ ਜਿਸ ਕਰਕੇ ਉਹਨਾਂ ਦਾ ਨਾਂ ਹੀ ਬਾਰ ਬਾਰ ਪ੍ਰਸੰਗ ਵਿਚ ਲਿਆ ਗਿਆ ਹੈ।
੧੩੯