ਸਮੱਗਰੀ 'ਤੇ ਜਾਓ

ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/155

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸਖੀਆਂ ਨਾਲ ਪਾਣੀ ਭਰਨ ਆਈ ਕੁੜੀ ਗੱਲਾਂ-ਬਾਤਾਂ ਵੀ ਕਰਦੀ ਰਹੀ, ਹਾਸੇ ਵੀ ਪੈਂਦੇ ਰਹੇ, ਅਠਖੇਲੀਆਂ ਹੁੰਦੀਆਂ ਰਹੀਆਂ, ਪਰ ਸੂਰਤ ਗਾਗਰ ਵਿਚ ਰਹੀ ਤੇ ਉਸ ਨੂੰ ਡਿਗਣ ਨਾ ਦਿਤਾ। ਗੁੱਡੀ ਉਡਾਉਂਦੇ ਮੁੰਡੇ ਤੇ ਪਾਣੀ ਭਰਦੀ ਸੁੰਦਰੀ ਨੇ ਜਗਤ ਦੀ ਦਸ਼ਾ ਦਾ ਨਕਸ਼ਾ ਖਿਚਿਆ ਹੈ, ਜੋ ਮਨ ਦੇ ਹਿੱਸਿਆਂ ਵਿਚ ਤਕਸੀਮ ਹੋਇਆ, ਅੰਦਰ ਤੇ ਬਾਹਰ ਕੰਮ ਕਰੀ ਜਾਂਦਾ ਹੈ। ਸਾਹਿਬ ਨੇ ਫੁਰਮਾਇਆ ਕਿ ਜਗਤ ਤਨ ਦੀ ਜ਼ਿੰਦਗੀ ਬਿਤਾਂਦਾ ਹੈ, ਕਥਾ ਕਰੀ ਜਾਂਦਾ ਹੈ, ਗਿਆਨ ਸੁਣਾਈ ਜਾਂਦਾ ਹੈ, ਤਪ ਸਾਧਦਾ ਤੇ ਜੋਗ ਕਮਾਉਂਦਾ ਹੈ, ਪਰ ਇਹ ਸਭ ਕੁਝ ਕਰਦਾ ਹੋਇਆ ਧਿਆਨ ਵਿਚ ਤਨ, ਤੇ ਸੂਰਤ ਸੰਬੰਧੀਆਂ ਵਿਚ ਜੋੜੀ ਰਖਦਾ ਹੈ। ਗੁਰਦੁਆਰੇ ਵਿਚ ਕਥਾ ਸੁਣਦਿਆਂ ਧਿਆਨ ਘਰ ਦੇ ਪਸ਼ੂਆਂ ਦੀਆਂ ਖੁਰਲੀਆਂ ਵਿਚ ਫਿਰਦਾ ਹੈ। ਬਾਣੀ ਪੜ੍ਹਦਿਆਂ ਪੈਸੇ ਗਿਣੀ ਜਾਣ ਦੀ ਬਾਣ ਪਈ ਹੋਈ ਹੈ। ਇਹੋ ਹੀ ਤਰੁਟੀ ਸੁਲਤਾਨਪੁਰ ਦੇ ਕਾਜ਼ੀ ਤੇ ਨਵਾਬ ਦੀ ਨਮਾਜ਼ ਵਿਚ ਸੀ, ਇਹੋ ਹੀ ਤੋਟਾ ਅੱਚਲ ਵਟਾਲੇ ਦੇ ਭਗੌਤੀਆਂ ਵਿਚ ਸੀ। ਪਰ ਇਹ ਸਭ ਕੁਝ ਕਿਉਂ ਸੀ ? ਅਰਸ਼ 'ਤੇ ਖੜੋਤਾ ਮਨੁੱਖ ਫ਼ਰਸ਼ ਵੱਲ ਕਿਉਂ ਤਕਦਾ ਸੀ ? ਚੋਟੀ ਚੜ੍ਹੇ ਦੀ ਰਸਾਤਲ ਵਿਚ ਕਿਉਂ ਰੁਚੀ ਸੀ ? ਇਸ ਦਾ ਉੱਤਰ ਇੱਕੋ ਸੀ ਕਿ ਤਨ ਰਾਹੀਂ ਨਿੰਮਿਆ ਗਿਆ, ਤਨ ਥਾਣੀ ਜੰਮਿਆ ਤੇ ਤਨ ਵਿਚ ਹੀ ਪਲਿਆ, ਸਦਾ ਤਨ ਦਾ ਹੀ ਹੋ ਰਿਹਾ ਸੀ। ਅੱਜ ਕੇਸਗੜ੍ਹ ਸਾਹਿਬ ਦੇ ਟਿੱਲੇ ਤੇ ਨਵਾਂ ਜਨਮ ਦਿੱਤਾ ਗਿਆ। ਹੱਡ, ਮਾਸ ਤੇ ਚੰਮ ਵਿਚੋਂ ਜੰਮੇ ਹੋਏ ਨੂੰ ਕਲਗੀਧਰ ਪਿਤਾ ਦੀ ਤਲਵਾਰ ਨੇ ਝਟਕਾ ਦਿੱਤਾ ਸੀ। ਪਿਛਲੇ ਜੀਵਨ ਦਾ ਭੋਗ ਪੈ ਗਿਆ ਸੀ। ਹੁਣ ਤਾਂ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਆਪਣੀ ਆਤਮਕ ਪਤਨੀ ਸਾਹਿਬ ਦੇਵਾਂ ਦੀ ਰੂਹਾਨੀ ਕੁੱਖ ਬਾਣੀ ਇਹਨੂੰ ਪੈਦਾ ਕੀਤਾ ਸੀ। ਇਸ ਆਤਮਕ- ਜਨਕ (Spirit Born) ਪੁੱਤਰ ਨੂੰ ਪਹਿਲੀ ਗੁੜ੍ਹਤੀ ਹੀ ਇਹ ਦਿੱਤੀ ਗਈ : ਉਲਟੀ ਰੇ ਮਨ ਉਲਟੀ ਰੇ ॥ ਸਾਕਤ ਸਿਉ ਕਰਿ ਉਲਟੀ ਰੇ । (ਦੇਵਗੰਧਾਰੀ ਮ: ੫, ਪੰਨਾ ੫੩੫) ਸਾਕਤ ਤਾਂ ਤਨ ਥਾਣੀ ਜੰਮਿਆ ਤੇ ਤਨ ਵਿਚ ਹੀ ਪ੍ਰਵਿਰਤ ਰਿਹਾ, ਪਰ ਖ਼ਾਲਸੇ ਨੇ ਤਾਂ ਆਤਮਾ ਵਿਚੋਂ ਜਨਮ ਲਿਆ ਹੈ, ਇਸ ਨੇ ਤਾਂ ਆਤਮ ਪਰਵਿਰਤੀ ਹੀ ਕਰਨੀ ਹੈ। ਲੀਲ੍ਹਾ ਪਨਿਹਾਰੀ ਵਾਂਗ ਹੀ ਰਹੇਗੀ, ਖੋਲ੍ਹ ਗੁੱਡੀ ਉਡਾਉਣ ਵਾਲੀ ਹੀ ਹੈ, ਪਰ ਤਰੀਕਾ ਸਾਕਤ ਤੋਂ ਉਲਟਾ ਹੈ। ਉਹ ਭਜਨ ਕਰਦਾ, ਬਾਣੀ ਪੜ੍ਹਦਾ ਤੇ ਅਧਿਆਤਮ ਕਰਮ ਕਰਦਾ ਹੋਇਆ ਸੁਰਤ ਪ੍ਰਭੂ ਦੇ ਚਰਨਾਂ ਵਿਚ ਰਖੇਗਾ। ਉਹ ਇਸ ਮਾਤ ਲੋਕ ਵਿਚ ਗੁਸਾਈਂ ਦਾ ਪਹਿਲਵਾਨ ਉਤਰਿਆ ਹੈ, ਸੇਵਾ ਲਈ ਆਇਆ ਹੈ, ਉਪਕਾਰ ਕਮਾਉਣਾ ਹੈ। ਫਿਰਨਾ ਧਰਤ 'ਤੇ ਹੈ, ਰਹਿਣਾ ਫ਼ਰਸ਼ 'ਤੇ ਅਤੇ ਨਿਗਾਹ ਅਰਸ਼ ਵੱਲ ਰਖਣੀ ਹੈ। ਹੋਰ ਕਾਰ-ਵਿਹਾਰ ਕਰਨੇ ਹਨ, ਪਰ ਅੰਦਰੋਂ ਜੁੜੇ ਰਹਿਣਾ ਹੈ। ਇਹ ਉਸਦਾ ਜੀਵਨ-ਆਦਰਸ਼ ਹੈ। ਇਸੇ ਆਦਰਸ਼ ਵਿਚ ਟਿਕ ਕੇ ਖ਼ਾਲਸੇ ਨੇ ਜਗਤ ਤੋਂ ਨਿਆਰਾ ਰਹਿਣਾ ਹੈ। Sri Satguru Jagjit Singh Ji eLibrary NamdhariElibrary@gmail.com