ਸਮੱਗਰੀ 'ਤੇ ਜਾਓ

ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/174

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਦੇ ਉਹਦੀ ਸ਼ਰਨ ਆਉਣ ਦਾ ਨਿਸਚਾ ਰੋਜ਼ ਯਾਦ ਕੀਤਾ ਜਾਂਦਾ ਹੈ। ਇਸ ਪਿਛਲੇ ਦੋਹਰੇ ਤੋਂ ਬਹੁਤ ਲੋਕਾਂ ਨੂੰ ਟਪਲਾ ਲਗਦਾ ਹੈ, ਕਈ ਤਾਂ ਇਹ ਸਮਝਦੇ ਹਨ ਕਿ ਇਸ ਦਾ ਪੜ੍ਹਨਾ ਮੌਜੂਦਾ ਰਾਜ ਦੇ ਕਰਮਚਾਰੀਆਂ ਨੂੰ ਨਰਾਜ਼ ਕਰਨਾ ਹੈ, ਤੇ ਕਈ ਇਹ ਸਮਝਦੇ ਹਨ ਕਿ ਇਹ ਫ਼ਿਰਕਾਦਾਰਾਨਾ ਰਾਜ ਦਾ ਨਿਸਚਾ ਹੋਣ ਕਰਕੇ ਦੇਸ਼ ਦੀ ਕੌਮੀ ਲਹਿਰ ਨੂੰ ਸੱਟ ਮਾਰਦਾ ਹੈ, ਇਸ ਲਈ ਇਹਨੂੰ ਨਹੀਂ ਪੜ੍ਹਨਾ ਚਾਹੀਦਾ। ਕਈਆਂ ਦਾ ਇਹ ਖ਼ਿਆਲ ਹੈ ਕਿ ਅਸੀਂ ਜਿਹੜੇ ੬੦ ਕੁ ਲੱਖ ਆਪਣੇ ਆਪ ਨੂੰ ਖ਼ਾਲਸਾ ਕਹਿਣ ਵਾਲੇ ਤੁਰੇ ਫਿਰਦੇ ਹਾਂ, ਸਾਡਾ ਰਾਜ ਕਿਥੇ ਹੋਣਾ ਹੈ? ਤੇ ਜੇ ਸਾਡੇ ਵਿਚ ਬਲ ਹੁੰਦਾ ਤਾਂ ਖ਼ਾਲਸਾ ਸਲਤਨਤ ਹੀ ਕਿਉਂ ਹੱਥੋਂ ਜਾਂਦੀ? ਇਸ ਲਈ ਇਸ ਸ਼ੇਖ਼-ਚਿਲੀ ਵਾਲੀ ਮਨੌਤ ਨੂੰ ਦੁਹਰਾਉਣ ਦਾ ਕੋਈ ਲਾਭ ਨਹੀਂ।

ਸੋ, ਅਸੀਂ ਅੱਜ ਇਸ ਗੱਲ 'ਤੇ ਵਿਚਾਰ ਕਰਨੀ ਹੈ ਕਿ ਕੀ ਸਾਨੂੰ ਇਹਨਾਂ ਦੋਹਾਂ ਖ਼ਿਆਲਾਂ ਵਿਚੋਂ ਕਿਸੇ ਇਕ ਦੇ ਮਗਰ ਲਗ ਕੇ ਇਹ ਦੋਹਰਾ ਪੜ੍ਹਨਾ ਚਾਹੀਦਾ ਹੈ?

ਇਸ ਦਾ ਜਵਾਬ ਨਿਸਚੇ ਹੀ ‘ਨਹੀਂ' ਮਿਲੇਗਾ ਕਿਉਂਕਿ ਖ਼ਾਲਸੇ ਨੇ ਮੁੱਢ ਤੋਂ ਹੀ ਪੂਰਨ ਸ਼ਾਂਤ ਵਰਤਾਉਣ ਦਾ ਦਾਅਵਾ ਕੀਤਾ ਹੈ, ਤੇ ਕਲਗੀਧਰ ਪਿਤਾ ਨੇ ਇਸ ਨਾਦੀ ਪੁੱਤਰ ਦੀ ਰਾਹੀਂ ਜਗਤ ਦਾ ਨਕਸ਼ਾ ਇਸ ਤਰ੍ਹਾਂ ਬੰਨ੍ਹਣ ਦਾ ਐਲਾਨ ਕੀਤਾ ਹੋਇਆ ਹੈ:

ਦਾਨਵ ਦੇਵ ਫਨਿੰਦ ਨਿਸਾਚਰ ਭੂਤ ਭਵਿੱਖ ਭਵਾਨ ਜਪੈਂਗੇ॥
ਜੀਵ ਜਿਤੇ ਜਲ ਮੈ ਥਲ ਮੈ ਪਲ ਹੀ ਪਲ ਮੈ ਸਭ ਥਾਪ ਥਪੈਂਗੇ॥
ਪੁੰਨ ਪ੍ਰਤਾਪਨ ਬਾਢ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ॥
ਸਾਧ ਸਮੂਹ ਪ੍ਰਸੰਨ ਫਿਰੈ ਜਗ ਸੱਤ੍ਰ ਸਭੈ ਅਵਲੋਕ ਚਪੈਂਗੇ॥੭॥

(ਤ੍ਵ-ਪ੍ਰਸਾਦਿ ਸਵੱਯੇ, ਪਾ: ੧੦)

ਇਹ ਲੋਕ-ਸ਼ਾਂਤੀ ਦਾ ਨਕਸ਼ਾ ਤਦ ਹੀ ਕਾਇਮ ਹੋ ਸਕਦਾ ਹੈ ਜੇ ਧਾਰਮਕ, ਭਾਈਚਾਰਕ ਤੇ ਰਾਜਨੀਤਿਕ ਅਵਸਥਾ ਧਰਮ ਮਰਯਾਦਾ ਅਨੁਸਾਰ ਕਾਇਮ ਕੀਤੀ ਜਾਏ। ਜਦ ਤਕ ਇਹ ਕਿਸੇ ਅਧਰਮ ਦੇ ਆਸਰੇ 'ਤੇ ਕਾਇਮ ਹਨ, ਚਾਹੇ ਉਹ ਮਾਇਕੀ ਤਾਣ ਹੋਵੇ ਤੇ ਚਾਹੇ ਆਸੁਰੀ ਸ਼ਸਤਰ ਬਲ, ਜਗਤ ਵਿਚ ਕਦੇ ਸ਼ਾਂਤੀ ਕਾਇਮ ਨਹੀਂ ਹੋ ਸਕਦੀ। ਇਹੀ ਕਾਰਨ ਹੈ ਕਿ ਜਗਤ ਵਿਚ ਰੋਜ਼ ਰਾਜਨੀਤਿਕ ਤਬਦੀਲੀਆਂ ਹੋ ਰਹੀਆਂ ਹਨ, ਕੌਮਾਂ ਨਾਲ ਕੌਮਾਂ ਖਹਿ ਰਹੀਆਂ ਹਨ, ਮੁਲਕਾਂ 'ਤੇ ਮੁਲਕ ਚੜ੍ਹ ਰਹੇ ਹਨ, ਯੁੱਧ ਦੇ ਬੱਦਲ ਜਗਤ ਦੇ ਅਮਨ ਦੇ ਅਕਾਸ਼ 'ਤੇ ਹਰ ਵੇਲੇ ਘਿਰੇ ਰਹਿੰਦੇ ਹਨ। ਮਨੁੱਖ ਨੇ ਪਹਿਲੇ ਕਬੀਲਿਆਂ ਦੇ ਲੋਕ-ਰਾਜ ਤੋਂ ਅਰੰਭ ਕਰ ਕੇ ਇਕ ਸ਼ਹਿਨਸ਼ਾਹੀ ਰਾਜ ਕਾਇਮ ਕਰਨ ਤਕ ਤੇ ਫਿਰ ਉਸ ਤੋਂ ਉਪਰਾਮ ਹੋ ਮੁੜ ਕੇ ਲੋਕ-ਰਾਜ ਤਕ ਹਰ ਕਿਸਮ ਦੇ ਰਾਜ-ਪ੍ਰਬੰਧ ਦਾ ਤਰੀਕਾ ਅਜ਼ਮਾ ਦੇਖਿਆ ਹੈ, ਸ਼ਾਂਤੀ ਕਿਧਰੇ ਭੀ ਨਹੀਂ ਆਈ ਤੇ ਨਾ ਆਉਣੀ ਹੈ, ਕਿਉਂਜੋ ਹਰ ਇਕ ਪ੍ਰਬੰਧ ਵਿਚ ਦਵੈਸ਼ ਤੇ ਈਰਖਾ ਕੰਮ ਕਰਦੀ ਹੈ। ਜਿਥੇ ਰਾਜਾ ਤੇ ਸ਼ਹਿਨਸ਼ਾਹ ਹੈ, ਉਸ ਨੂੰ ਆਪਣੇ ਗੌਰਵ 'ਤੇ ਮਾਣ ਦਾ ਖ਼ਬਤ ਹੁੰਦਾ ਹੈ, ਜਿਥੇ ਗ਼ਰੀਬਾਂ ਦਾ ਇਕੱਠ ਹੁੰਦਾ ਹੈ, ਉਹ ਅਮੀਰਾਂ ਨਾਲ ਈਰਖਾ ਤੇ ਵਿਵਾਦ ਕਰਦੇ ਹਨ। ਜੇ ਕਿਸੇ ਇਕ ਪਾਤਸ਼ਾਹ ਦੇ ਹੱਥ ਸੈਨਾ ਦਾ ਬਲ ਆ ਜਾਂਦਾ ਹੈ ਤਾਂ ਉਹ ਰਿਆਇਆ ਨੂੰ ਟੈਕਸਾਂ ਤੇ ਉਗਰਾਹੀਆਂ ਦੇ ਪੱਜ ਲੁੱਟ ਲੈਂਦਾ ਹੈ। ਜੇ

੧੭੪