ਸਮੱਗਰੀ 'ਤੇ ਜਾਓ

ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/23

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਰੀ ਨਾਮ ਦਾ ਮੇਘ ਅਲਾਪ ਜਲੰਦੇ ਜਗਤ ਨੂੰ ਠਾਰ ਦੇਵੇ।

ਗੁਰੂ ਜੀ ਨੇ ਆਪਣੇ ਹਰ ਸਫ਼ਰ ਵਿਚ ਮਰਦਾਨੇ ਦੇ ਆਖ਼ਰੀ ਸੁਆਸਾਂ ਤਕ ਉਸ ਨੂੰ ਨਾਲ ਰੱਖਿਆ। ਉਹ ਜਿਥੇ ਵੀ ਜਾਂਦੇ, ਲੋਕ ਉੱਧਾਰ ਹਿਤ, ਮਰਦਾਨੇ ਨੂੰ ਰਬਾਬ ਛੇੜਨ ਨੂੰ ਕਹਿੰਦੇ ਤੇ ਆਪ ਕੀਰਤਨ ਕਰਦੇ। ਇਸ ਕੀਰਤਨ ਦੇ ਅਸਰ ਨੇ ਜਗਤ ਵਿਚ ਇਕ ਨਵਾ ਪਲਟਾ ਲੈ ਆਂਦਾ। ਮਨੁੱਖੀ ਮਨ ਦੀਆਂ ਸੁੱਕੀਆਂ ਹੋਈਆਂ ਟਹਿਣੀਆਂ ਵਿਚੋਂ ਰਸ-ਉਤਸ਼ਾਹ ਦੇ ਨਵੇਂ ਅੰਕੁਰ ਫੁੱਟ ਨਿਕਲੇ, ਕਰਮ-ਕਾਂਡਾਂ ਦੀ ਠੰਢਕ ਨਾਲ ਬਰਫ਼ ਹੋ ਚੁੱਕੇ ਦਿਲ ਕੁਝ ਨਿੱਘ ਮਹਿਸੂਸ ਕਰ ਪੰਘਰ ਤੁਰੇ। ਉਹ ਕਿਆ ਅਜਬ ਸਮਾਂ ਸੀ, ਜਦੋਂ ਸੱਜਣ ਠੱਗ ਦੇ ਫਸਾਏ ਹੋਏ ਭੋਲੇ ਦੋ ਮੁਸਾਫ਼ਰਾਂ ਨੇ, ਸਾਇ ਕਾਲ ਹੀ ਤਾਰਾਂ ਛੇੜ ਕੇ ਗੀਤ ਆਰੰਭਿਆ। ਉਹ ਆਪਣੀ ਮਸਤੀ ਵਿਚ ਗਾ ਰਹੇ ਸਨ, ਤੇ ਸੱਜਣ ਮਸਤੀ ਵਿਚ ਉਠ ਰਿਹਾ ਸੀ। ਗੀਤ ਦਾ ਮਜ਼ਮੂਨ ਸੀ: ਉਜਲਾ ਚਿਲਕ ਰਿਹਾ ਕਾਂਸੀ ਦਾ ਬਰਤਨ ਬੜਾ ਲਿਸ਼ਕਦਾ ਸੀ, ਪਰ ਜਿਉਂ ਜਿਉਂ ਘੋਟਿਆ, ਕਾਲੀ ਸਿਆਹੀ ਹੀ ਨਿਕਲਦੀ ਆਈ:

ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ॥

(ਸੂਹੀ ਮ: ੧, ਪੰਨਾ ੭੨੯)

ਇਲਾਹੀ ਗੀਤ ਅਜੇ ਮੁਕਿਆ ਵੀ ਨਹੀਂ ਸੀ ਕਿ ਸੱਜਣ ਵਿਚੋਂ ਸਿਆਹੀ ਮੁੱਕ ਗਈ, ਉਹ ਸਚਮੁੱਖ ਸੱਜਣ ਹੋ ਗਿਆ। ਏਸੇ ਹਰੀ ਕੀਰਤਨ ਦੀ ਧੁਨੀ ਨੇ ਹੀ ਕਾਮਰੂਪ ਦੇਸ਼ ਦੀ ਸੁੰਦਰੀ ਨੂਰ ਸ਼ਾਹ ਦਾ ਨਿਸਤਾਰਾ ਕੀਤਾ। ਏਸੇ ਨੇ ਹੀ ਹਸਨ ਅਬਦਾਲ ਦੀ ਚੋਟੀ 'ਤੇ ਬੈਠੇ ਹੋਏ ਕੰਧਾਰੀ ਤਪੀ ਦਾ ਦਿਲ ਖਿੱਚ ਲਿਆ, ਤੇ ਜਗਨ ਨਾਥ ਦੇ ਪੰਡਿਆਂ ਦਾ ਕਰਮ-ਕਾਂਡ ਦੀ ਸੀਤ ਵਿਚ ਠਰਿਆ ਹੋਇਆ ਮਨ, ਨਿੱਘਾ ਕਰ ਦਿੱਤਾ। ਉਹ ਇਸ ਉਡੀਕ ਵਿਚ ਸਨ ਕਿ ਸਾਗਰ ਦੇ ਕੰਢੇ ਬੈਠੇ ਹੋਏ ਗੁਰੂ ਚੇਲਾ ਅੱਜ ਮੰਦਰ ਵਿਚ ਆਰਤੀ ਸਮੇਂ ਸ਼ਾਮਲ ਹੋਣਗੇ। ਉਚੇਚੇ ਸਵਰਨ ਦੇ ਥਾਲ ਤੇ ਦੀਪਕ ਲਿਆਂਦੇ ਗਏ। ਤਾਜ਼ੇ ਫੁੱਲ ਤੇ ਸੰਦਲ ਦੇ ਚੌਰ ਤਿਆਰ ਕੀਤੇ ਗਏ, ਪਰ ਆਰਤੀ ਦਾ ਸਮਾਂ ਹੋ ਜਾਣ ਤੇ ਸਾਧੂ ਨਾ ਪੁੱਜੇ। ਪੁਜਾਰੀ ਰੋਜ਼ਾਨਾ ਫ਼ਰਜ਼ ਅਦਾ ਕਰ, ਰੋਹ ਭਰੇ ਪੁਰੀ ਦੇ ਦਰਸ਼ਕਾਂ ਦੀ ਭੀੜ ਨੂੰ ਨਾਲ ਲੈ, ਸਾਗਰ ਕੰਢੇ ਗਏ। ਅੱਗੇ ਰਬਾਬ ਦੀ ਧੁਨੀ ’ਤੇ ਆਰਤੀ ਗਾਈ ਜਾ ਰਹੀ ਸੀ। ਗੀਤ ਇਹ ਸੀ, 'ਹੇ ਭਵ ਖੰਡਨ, ਤੇਰੀ ਆਰਤੀ ਕਿਸ ਤਰ੍ਹਾਂ ਹੋ ਸਕਦੀ ਹੈ, ਨਵੀਂ ਸਮੱਗਰੀ ਕੀ ਬਣਾਈ ਜਾਵੇ ਜਦ ਕਿ ਅੱਗੇ ਹੀ ਕੁਦਰਤ ਅਕਾਸ਼ ਦੇ ਥਾਲ ਵਿਚ, ਚੰਦ ਤੇ ਸੂਰਜ ਦੇ ਦੀਵੇ ਰੱਖੀ, ਸਿਤਾਰਿਆਂ ਦੀ ਦੌਲਤ ਨੂੰ ਨਿਛਾਵਰ ਕਰ ਰਹੀ, ਸਰਬ ਬਨਸਪਤੀ ਫੁਲ ਬਰਸਾ ਰਹੀ ਤੇ ਹਵਾ ਚੌਰ ਕਰ ਰਹੀ ਹੈ।'

ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ
ਤਾਰਿਕਾ ਮੰਡਲ ਜਨਕ ਮੋਤੀ॥
ਧੂਪੁ ਮਲਆਨਲੋ ਪਵਣੁ ਚਵਰੋ ਕਰੇ
ਸਗਲ ਬਨਰਾਇ ਫੁਲੰਤ ਜੋਤੀ॥
ਕੈਸੀ ਆਰਤੀ ਹੋਇ ਭਵਖੰਡਨਾ ਤੇਰੀ ਆਰਤੀ॥
ਅਨਹਤਾ ਸਬਦ ਵਾਜੰਤ ਭੇਰੀ॥

(ਧਨਾਸਰੀ ਮ: ੧, ਪੰਨਾ ੧੩)

੨੩