ਸਮੱਗਰੀ 'ਤੇ ਜਾਓ

ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪ੍ਰੇਮਾ ਭਗਤੀ


ਇਹ ਇਕ ਜਗਤ ਪ੍ਰਸਿੱਧ ਸਚਾਈ ਹੈ ਕਿ ਦ੍ਰਿਸ਼ਟਮਾਨ ਜਗਤ ਦੇ ਨਿਜ਼ਾਮ ਨੂੰ ਕੋਈ ਅਦ੍ਰਿਸ਼ਟ ਸੱਤਾ ਚਲਾ ਰਹੀ ਹੈ। ਇਸਦੀ ਅਨੇਕਤਾ ਦੀ ਮਾਲਾ ਦੇ ਮਣਕੇ ਕਿਸੇ ਏਕਤਾ ਦੇ ਧਾਗੇ ਵਿਚ ਪਰੋਏ ਹੋਏ ਹਨ। ਇਸ ਦੇ ਅਣਗਿਣਤ ਰੰਗ ਕਿਸੇ ਬੇਰੰਗ ਦੀ ਝਲਕ ਤੋਂ ਪੈਦਾ ਹੋ ਰਹੇ ਹਨ। ਇਸ ਦਾ ਬੇਚੈਨ ਚਲ ਰਿਹਾ ਪਰਵਾਹ ਕਿਸੇ ਸ਼ਾਂਤ (ਸਕੂਨਤ) ਦੇ ਆਸਰੇ ਹੈ।

ਇਹ ਜੜ੍ਹ ਮਾਦੇ ਦਾ ਪਸਾਰਾ ਕਿਸੇ ਚੇਤਨਤਾ ਦੀ ਨਿਗਰਾਨੀ ਹੇਠ ਹੀ ਕੰਮ ਕਰ ਰਿਹਾ ਹੈ, ਜਿਸ ਕਰਕੇ ਇਸ ਦੇ ਬੁਨਿਆਦੀ ਨਿਯਮ ਬੱਧੇ ਹੋਏ ਇਕਸਾਰ ਚਲ ਰਹੇ ਹਨ। ਇਸ ਦੀਆਂ ਰਾਤਾਂ, ਰੁੱਤਾਂ, ਥਿੱਤਾਂ, ਵਾਰ, ਪਉਣ, ਪਾਣੀ, ਅਗਨੀ ਤੇ ਪਾਤਾਲ ਇਕ ਨਿਯਮ ਵਿਚ ਬੱਧੇ ਜਾ ਰਹੇ ਹਨ:

ਰਾਤੀ ਰੁਤੀ ਥਿਤੀ ਵਾਰ॥
ਪਵਣ ਪਾਣੀ ਅਗਨੀ ਪਾਤਾਲ॥
ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮਸਾਲ॥

(ਜਪੁ ਜੀ ਸਾਹਿਬ, ਪੰਨਾ ੭)

ਇਹ ਨਿਯਮ ਬੰਨ੍ਹਣੇ ਚੇਤਨਤਾ ਦਾ ਹੀ ਕੰਮ ਹੈ। ਜਨਤਾ ਨਿਯਮਬੱਧ ਨਹੀਂ ਹੁੰਦੀ, ਬਾਕਾਇਦਗੀ ਨਹੀਂ ਜਾਣਦੀ, ਤਰਤੀਬ ਵਿਚ ਨਹੀਂ ਤੁਰਦੀ। ਸੰਸਾਰ ਦੇ ਇਸ ਪ੍ਰਤੱਖ ਪਰਮਾਣ ਨੂੰ ਦੇਖ ਕੇ ਹੀ ਇਹ ਮੰਨਣਾ ਪਿਆ ਕਿ ਦ੍ਰਿਸ਼ਟਮਾਨ ਦੇ ਪਿਛੇ ਕੋਈ ਅਦ੍ਰਿਸ਼ਟ ਹੈ। ਨਾ ਵੇਖਿਆ ਜਾਣ ਵਾਲਾ ਹੋਣ ਕਰਕੇ ਹੀ ਉਸ ਦੇ ਨਾਂ ਵੀ ਆਪਣੀ ਥਾਂ ਸਿਆਣਿਆਂ ਨੇ ਕਲਪ ਲਏ, ਕੋਈ ਉਸ ਨੂੰ ਵਿਅਕਤੀਗਤ (Personal) ਤੇ ਕੋਈ ਵਿਅਕਤੀ-ਰਹਿਤ (Impersonal) ਜਾਣ ਆਪਣੇ ਆਪਣੇ ਜਜ਼ਬੇ ਅਨੁਸਾਰ ਸਮਝਣ ਤੇ ਖੋਜਣ ਲੱਗਾ।

ਇਹ ਖੋਜ ਪੈਰ ਪੈਰ ਡੂੰਘੇਰੀ ਹੁੰਦੀ ਗਈ ਤੇ ਓੜਕ ਖੋਜੀ ਕਿਸੇ ਰਸ ਵਿਚ ਮਸਤ ਹੋ ਚੁਪ ਹੋ ਗਏ। ਜਿਨ੍ਹਾਂ ਨੂੰ ਨਾ ਲੱਭਾ ਉਹਨਾਂ ਮੰਨਣੋਂ, ਤੇ ਜਿਨ੍ਹਾਂ ਨੂੰ ਲੱਭ ਪਿਆ ਉਹਨਾਂ ਕੁਝ ਕਹਿਣੋਂ ਇਨਕਾਰ ਕਰ ਦਿਤਾ। ਅਰਸਤੂ ਜਿਹੇ ਫ਼ਲਸਫ਼ੀ ਅੱਕ ਕੇ ਇਨਕਾਰੀ ਹੋ ਗਏ ਅਤੇ ਕਬੀਰ ਜਿਹੇ ਰਸਕਾਂ ਨੇ ਕੁਝ ਕਹਿਣ ਤੋਂ ਅਸਮਰਥਾ ਪ੍ਰਗਟ ਕੀਤੀ:

ਕਬੀਰ ਚਰਨ ਕਮਲ ਕੀ ਮਉਜ ਕੋ ਕਹਿ ਕੈਸੇ ਉਨਮਾਨ॥ ਕਹਿਬੇ ਕਉ ਸੋਭਾ ਨਹੀ ਦੇਖਾ ਹੀ ਪਰਵਾਨੁ॥

(ਸਲੋਕ ਕਬੀਰ, ਪੰਨਾ ੧੩੭੦)

ਇਸ ਕਸ਼ਮਕਸ਼ ਦੀ ਦੁਨੀਆ ਨੇ ਕਈ ਫ਼ਲਸਫ਼ੇ, ਮਜ਼ਹਬ, ਸ਼ਰੀਅਤਾਂ ਤੇ ਪੰਥ ਖੜੇ

੪੮