ਸਮੱਗਰੀ 'ਤੇ ਜਾਓ

ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/5

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੰਗਤ

ਸੰਗਤ ਦਾ ਅਸਰ ਭਾਵੇਂ ਮਨੁੱਖ 'ਤੇ ਵਿਸ਼ੇਸ਼ ਕਰਕੇ ਪੈਂਦਾ ਹੈ, ਪਰ ਦੂਸਰੀਆਂ ਜੂਨਾਂ ਵੀ ਇਸ ਤੋਂ ਖ਼ਾਲੀ ਨਹੀਂ ਹਨ। ਕੀ ਬਨਸਪਤੀ, ਕੀ ਪੰਛੀ ਤੋਂ ਕੀ ਪਸ਼ੂ, ਹਰ ਇਕ, ਕੋਲ ਬਹਿਣ ਵਾਲੇ ਸੰਗੀ ਦਾ ਅਸਰ ਕਬੂਲ ਕਰਦਾ ਹੈ। ਬਨਸਪਤੀ ਦੀ ਦੁਨੀਆ ਵਿਚ ਇਹ ਇਕ ਮਸ਼ਹੂਰ ਪ੍ਰਮਾਣ ਹੈ ਕਿ ਜੰਗਲ ਦੀਆਂ ਛੋਟੀਆਂ ਛੋਟੀਆਂ ਝਾੜੀਆਂ ਚੰਦਨ ਦੇ ਸਮੀਪ ਰਹਿਣ ਕਰਕੇ ਖ਼ੁਦ ਸੁਗੰਧੀ ਦੇਣ ਵਾਲੀਆਂ ਬਣ ਜਾਂਦੀਆਂ ਹਨ:

ਕਬੀਰ ਚੰਦਨ ਕਾ ਬਿਰਵਾ ਭਲਾ ਬੇੜਿਓ ਢਾਕ ਪਲਾਸ॥
ਓਇ ਭੀ ਚੰਦਨੁ ਹੋਇ ਰਹੇ ਬਸੇ ਜੁ ਚੰਦਨ ਪਾਸਿ॥

(ਸਲੋਕ ਕਬੀਰ, ਪੰਨਾ ੧੩੬੫)

ਪਰਬਤਾਂ ਦੀਆਂ ਉੱਚੀਆਂ ਚੋਟੀਆਂ 'ਤੇ ਜਾ ਕੇ ਪਤਾ ਲਗਦਾ ਹੈ ਕਿ ਖੁਸ਼ਬੂਦਾਰ ਜੜ੍ਹੀਆਂ ਬੂਟੀਆਂ ਦੇ ਸਮੀਪ ਉਗਿਆ ਹੋਇਆ ਘਾਹ ਵੀ ਬਹੁਤ ਵੇਰ ਸੁਗੰਧਤ ਹੋ ਜਾਂਦਾ ਹੈ। ਘਾਹ ਦੀ ਤੇ ਗੱਲ ਕਿਤੇ ਰਹੀ, ਮਿੱਟੀ ਤਕ ਸੁਗੰਧਤ ਫੁੱਲਾਂ ਤੋਂ ਵਰੋਸਾਈ ਜਾਂਦੀ ਹੈ। ਈਰਾਨ ਦੇ ਮਸ਼ਹੂਰ ਲਿਖਾਰੀ ਸ਼ੇਖ਼ ਸਾਅਦੀ ਦਾ ਕਥਨ ਹੈ ਕਿ ਇਕ ਦਿਨ ਉਸ ਨੇ ਸਵੇਰੇ ਹੀ ਆਪਣੀ ਮਹਿਬੂਬਾ ਨੂੰ ਕਿਹਾ, ਮੈਨੂੰ ਹੱਥ ਧੋਣ ਵਾਸਤੇ ਥੋੜ੍ਹੀ ਜਿਹੀ ਮਿੱਟੀ ਦੇ; ਜਦ ਉਹ ਮਿੱਟੀ ਲੈ ਆਈ ਤਾਂ ਹੱਥਾਂ ਤੇ ਮਲਣ ਲੱਗਿਆਂ ਸਾਅਦੀ ਨੂੰ ਉਸ ਵਿਚੋਂ ਸੁਗੰਧੀ ਆਈ। ਸ਼ੇਖ਼ ਨੇ ਜਾਣਿਆ ਕਿ ਘੁਸਮੁਸਾ ਹੈ, ਅੰਧੇਰੇ ਦੇ ਦੋਸ਼ ਕਰਕੇ, ਲਿਆਉਣ ਵਾਲੀ ਮਿੱਟੀ ਦੀ ਥਾਂ 'ਕਸਤੂਰੀ' ਜਾਂ 'ਅੰਬਰ' ਲੈ ਆਈ ਹੈ। ਮਗਰ ਇਹ ਦੱਸਣ 'ਤੇ ਕਿ ਇਹ ਮਿੱਟੀ ਹੀ ਹੈ, ਕਵੀ ਨੇ ਹੈਰਾਨ ਹੋ ਕੇ ਖ਼ਾਕ ਤੋਂ ਪੁੱਛਿਆ, "ਤੇਰੇ 'ਚ ਇਤਨੀ ਖੁਸ਼ਬੂ ਕਿਉਂ ਹੈ?" ਤਾਂ ਉੱਤਰ ਮਿਲਿਆ, "ਮੈਂ ਹਾਂ ਤਾਂ ਨਾ-ਚੀਜ਼ ਮਿੱਟੀ ਹੀ, ਪਰ ਬਹੁਤ ਮੁੱਦਤ ਤਕ ਫੁੱਲਾਂ ਦੇ ਕੋਲ ਬਹਿੰਦੀ ਰਹੀ ਹਾਂ। ਇਸ ਕੋਲ ਬਹਿਣ ਕਰਕੇ ਹੀ ਮੇਰੇ ਵਿਚੋਂ ਸੁਰੀਧੀ ਆ ਰਹੀ ਹੈ, ਨਹੀਂ ਤਾਂ ਮੈਂ ਨਿਮਾਣੀ ਮਿੱਟੀ ਹੀ ਹਾਂ।"

ਗਿਲੇ ਖ਼ੁਸ਼ਬੂ ਦਰ ਹਮਾਮ ਰੋਜ਼ੇ,
ਰਸੀਦ ਅਜ਼ ਦਸਤੇ ਮਾਹਬੂਬੇ ਬਦਸਤਮ।
ਬਾ ਓ ਗੁਫ਼ਤਮ ਕਿ ਮੁਸ਼ਕੀ ਯਾ ਅਬੀਰੀ,
ਕਿ ਅਜ਼ ਖ਼ੁਸ਼ਬੂ ਦਿਲ ਵਜੇ ਤੋ ਮਸਤਮ।
ਬਿਗੁਫ਼ਤਾ ਮਨ ਗਿਲੇ ਨਾਚੀਜ਼ ਬੂਦਮ,
ਵਲੈਕਨ ਮੁੱਦਤੇ ਬਾ ਗੁਲ ਨਿਸ਼ਸਤਮ।