ਸਮੱਗਰੀ 'ਤੇ ਜਾਓ

ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਾਵੇਂ ਇਕ ਮੰਜਲ ਵਿਚ ਕਈ ਪੜਾਅ ਪੈਂਦੇ ਹਨ, ਪਰ ਫਿਰ ਭੀ ਚਾਰ ਸ਼ਰਤਾਂ ਪ੍ਰਧਾਨ ਕਹੀਆਂ ਗਈਆਂ ਹਨ: ਪ੍ਰਕ੍ਰਿਤਕ, ਬਨਸਪਤੀ, ਪਸ਼ੂ ਪੰਛੀ ਤੇ ਮਨੁੱਖਤਾ। ਭਾਵੇਂ ਇਹਨਾਂ ਚੌਹਾਂ ਦੀ ਵੰਡ ਲੰਬੇਰੀ ਹੈ, ਪਰ ਜਗਤ ਦੇ ਚਤੁਰ ਫ਼ਲਸਫ਼ੀ ਬ੍ਰਾਹਮਣ ਨੇ ਉਸ ਨੂੰ ਚੌਰਾਸੀ ਲੱਖ ਕਿਹਾ ਹੈ। ਪਰ ਗਿਣਤੀ (ਚੌਰਾਸੀ ਲੱਖ) ਵੀ ਤਸੱਵਰ ਦੀ ਥਕਾਵਟ ਤੋਂ ਪੈਦਾ ਹੋਈ ਹੈ। ਬੁੱਧੀ ਨੇ ਹਾਰ ਕੇ ਮਨੌਤ ਮੰਨ ਲਈ, ਪਰ ਭਾਵੇਂ ਚੌਰਾਸੀ ਲੱਖ ਮੰਨ ਲਉ ਭਾਵੇਂ ਚੌਰਾਸੀ ਕ੍ਰੋੜ, ਇਹ ਤਾਂ ਅੱਖਰਾਂ ਦੀ ਪਾਬੰਦ ਦੁਨੀਆ ਨੇ ਆਪਣਾ ਵਿਹਾਰ ਚਲਾਉਣ ਲਈ ਸੰਖਿਆ ਬੰਨ੍ਹੀ ਹੈ। ਵਾਸਤਵ ਵਿਚ ਹੈ ਤਾਂ ਬੇਅੰਤ, ਪਰ ਜੀਵਨ ਰੌ ਦੇ ਮਾਹਿਰਾਂ ਨੇ ਵਿਗਿਆਨਿਕ ਨੁਕਤਾ-ਨਿਗਾਹ ਨਾਲ ਇਸ ਦੇ ਚਾਰ ਭੇਦ ਕਾਇਮ ਕਰ ਦਿਤੇ। ਇਹਨਾਂ ਚੌਹਾਂ ਵਿਚ ਜੀਵਨ ਅੱਡੋ ਅੱਡ ਰੂਪ ਲੈਂਦਾ ਹੈ, ਜਿਸ ਕਰਕੇ ਪਿਆਰ ਭੀ ਨਵੇਂ ਨਵੇਂ ਰੂਪ ਵਿਚ ਦਿਸ ਆਉਂਦਾ ਹੈ। ਉਹ ਕਿੱਦਾਂ?

ਜੀਵਨ ਵਿਕਾਸ ਵਿਚ ਮੁਢਲੀ ਪ੍ਰਕ੍ਰਿਤਕ ਅਵਸਥਾ ਧੁੰਧਲੀ ਤੇ ਧੀਮੀ ਜਿਹੀ ਮੰਨੀ ਗਈ ਹੈ। ਬਾਹਰਲਾ ਜਾਮਾ ਭਾਵੇਂ ਇਹ ਹੀ ਹੋਵੇ, ਪਰ ਪ੍ਰੇਮ ਦੀ ਤੜਪ ਵਿਚ ਕਮੀ ਨਹੀਂ। ਪਿਆਰ ਦੀ ਬਿਹਬਲਤਾ, ਮੁਹੱਬਤ ਦੀ ਬੇਚੈਨੀ, ਇਸ਼ਕ ਦੀ ਤੀਬਰਤਾ ਬੜੀ ਸ਼ੋਖ਼ ਦਿਸ ਆਉਂਦੀ ਹੈ। ਆਓ, ਇਸ ਜੀਵਨ ਦੇ ਇਕ ਅਤਿ ਛੋਟੇ ਚਮਤਕਾਰ ਪਾਣੀ ਦੇ ਕਤਰੇ ਵਿਚ ਝਾਤ ਮਾਰੀਏ। ਉਹ ਸ਼ਾਮ ਦੇ ਵੇਲੇ ਜੋ ਚੜ੍ਹਦੇ ਵੱਲ, ਅਸਮਾਨ ਦੇ ਨੀਲੇ ਫ਼ਰਸ਼ 'ਤੇ ਕਾਲਾ ਭਰਾ ਜਿਹਾ ਛੱਤਰ ਵਿਛਿਆ ਦਿਸਿਆ ਸੀ, ਖੋਜਿਆਂ ਪਤਾ ਲੱਗਾ ਕਿ ਓਹ ਬੂੰਦਾਂ ਦੀ ਇਕ ਪੰਚਾਇਤ ਜੁੜੀ ਬੈਠੀ ਸੀ। ਉਤਾਵਲੀਆਂ ਬੂੰਦਾਂ, ਕਾਹਲੀਆਂ ਕੁੜੀਆਂ ਜਿਨ੍ਹਾਂ ਦੀਆਂ ਛੋਟੀਆਂ ਛੋਟੀਆਂ ਹਿੱਕਾਂ ਵਿਚ ਜੋਸ਼ ਦੇ ਬੜੇ ਬੜੇ ਤੂਫ਼ਾਨ ਉਠ ਰਹੇ ਸਨ, ਇਸ਼ਕ ਇਸ਼ਾਰਿਆਂ ਨਾਲ ਉਛਾਲ ਰਿਹਾ ਸੀ, ਕਿਸੇ ਦੀ ਪ੍ਰੀਤ ਬੇਚੈਨ ਕਰ ਰਹੀ ਸੀ। ਪ੍ਰੀਤਮ, ਫ਼ਰਸ਼ ਦੀਆਂ ਡੂੰਘਾਈਆਂ ਵਿਚ ਬਿਰਾਜਿਆ ਹੋਇਆ ਤੇ ਪ੍ਰੇਮਣਾਂ ਅਕਾਸ਼ ਦੀਆਂ ਉਚਾਈਆਂ ਵਿਚ ਲਟਕ ਰਹੀਆਂ ਸਨ। ਮਿਲਣ ਦੀ ਤਾਂਘ ਤੀਬਰ ਸੀ, ਪਰ ਅਕਾਸ਼ ਦਾ ਲੰਮਾ ਪੈਂਡਾ ਪਰਬਤ ਦੀਆਂ ਚੱਟਾਨਾਂ ਦੀ ਕਰੜਾਈ ਥੱਲੇ ਆਉਣ ਵਾਲੀਆਂ ਨੂੰ ਡਰਾ ਰਿਹਾ ਸੀ। ਸਿਆਣਪ ਕਹਿੰਦੀ ਸੀ— ਠਹਿਰੋਂ, ਤੇ ਸੋਚੋ। ਪ੍ਰੇਮ ਕਹਿੰਦਾ ਸੀ-ਉਠੋ ਤੇ ਤੁਰੋ, ਓੜਕ ਪ੍ਰੇਮ ਅਕਲ ਤੇ ਪ੍ਰਬਲ ਹੋਇਆ।

ਮਤਵਾਲੀਆਂ ਨੇ ਮਤੇ ਪਕਾ ਲਏ, ਇਕਸੁਰ ਹੋ ਬੋਲ ਉਠੀਆਂ ਕਿ ਮਾਹੀ ਦੇ ਦੇਸ ਜ਼ਰੂਰ ਜਾਣਾ ਹੈ। ਰਸ-ਰਹਿਤ ਦਰਸ਼ਕ ਦੁਨੀਆ ਨੇ, ਪ੍ਰੇਮੀਆਂ ਦੀ ਇਕ ਹੋ ਬੋਲੀ ਇਸ਼ਕ ਦੀ ਉਚੇਰੀ ਸਦ ਨੂੰ ਬੱਦਲ ਦੀ ਗਰਜ ਕਿਹਾ। ਬਿਰਹੋਂ ਬਿਜਲੀ ਬਣ ਚਮਕੀ, ਓੜਕ ਸਿਰ ਸੁੱਟੀ ਤੁਰ ਪਈਆਂ। ਅਕਾਸ਼ ਦੀਆਂ ਗਹਿਰਾਈਆਂ, ਹਵਾ ਦੇ ਤੇਜ਼ ਬੁਲ੍ਹਿਆਂ ਤੇ ਚਟਾਨਾਂ ਦੀਆਂ ਸਖ਼ਤੀਆਂ ਨੇ ਚੀਣਾ ਚੀਣਾ ਕਰ ਸੁੱਟਿਆ, ਪਰ ਇਸ਼ਕ ਅੰਗ ਅੰਗ ਵਿਚੋਂ ਜੋਸ਼ ਮਾਰ ਉਠਿਆ, ਉਸ ਨੇ ਜ਼ਿੰਦਗੀ ਦਿਤੀ, ਰਿੜ ਖਿੜ ਇਕੱਠੀਆਂ ਹੋਈਆਂ, ਆਬਸ਼ਾਰਾਂ ਹੋ ਨਦੀਆਂ ਬਣ ਸਾਗਰ ਵੱਲ ਵਹਿ ਤੁਰੀਆਂ। ਚਾਲ ਵਿਚ ਰਵਾਨੀ ਤੇ ਸ਼ੋਖ਼ੀ ਸੀ ਜੋ ਕਿਸੇ ਦੇ ਰੋਕੇ ਨਾ ਰੁਕੀਆਂ। ਕਿਸੇ ਚੱਕਰਵਰਤੀ ਸਾਹਿਬੇ ਕਿਰਾਨੀ ਸ਼ਹਿਨਸ਼ਾਹ ਦਾ ਰੋਹਬ ਵੀ ਉਹਨਾਂ ਨੂੰ ਨਾ ਰੋਕ ਸਕਿਆ। ਕਿਸੇ ਹੁਸੀਨ ਦੇ

ਮਸਤ ਨੈਣ, ਕਿਸੇ ਗਵੱਈਏ ਦੇ ਮਧੁਰ ਬੈਨ, ਦਰੱਖ਼ਤਾਂ ਦੇ ਭਾਰੇ ਤਣੇ, ਪੱਥਰਾਂ ਦੀਆਂ

੫੧