ਬੇਨਿਆਜ਼ੀਆਂ, ਨਿਰਾ ਨਰ ਜਾਮੇ ਦਾ ਹਿੱਸਾ ਹੀ ਨਾ ਰਹੀਆਂ, ਸਗੋਂ ਮਲੂਕ ਸ਼੍ਰੇਣੀ ਨੇ ਵੀ ਪਿਆਰ ਪਿਆਲੇ ਪੀ, ਮਸਤੀ ਵਿਚ ਆ, ਲੋਕ-ਲਾਜ ਦੀਆਂ ਜ਼ੰਜੀਰਾਂ ਟੋਟੇ ਕਰ ਸੁੱਟੀਆਂ। ਇਹ ਸੂਰਤ ਦਾ ਫ਼ਰਕ ਤੇ ਜਿਨਸ ਦਾ ਭੇਦ, ਮਨੁੱਖਤਾ ਦੇ ਦੋ ਹਿਸੇ ਤਾਂ ਜਗਤ-ਮਰਯਾਦਾ ਕਾਇਮ ਕਰਨ ਹਿੱਤ ਮਾਲਕ ਨੇ ਬਣਾਏ ਸਨ, ਨਹੀਂ ਤੇ ਛਾਤੀਆਂ ਵਿਚ ਦਿਲ, ਦਿਲਾਂ ਵਿਚ ਜਜ਼ਬੇ, ਜਜ਼ਬੇ ਵਿਚ ਤਾਂਘ ਤੇ ਤਾਂਘ ਵਿਚ ਤੀਬਰਤਾ ਤਾਂ ਦੋਹਾਂ ਧਿਰਾਂ ਨੂੰ ਇਕੋ ਜਿਹੀ ਦਿੱਤੀ ਸੀ। ਇਰਾਕ ਦੀ ਰਾਬੀਆ, ਇਰਾਨ ਦੀ ਕੁਰਤੁਲ ਐਨ ਤੇ ਭਾਰਤ ਦੀ ਮੀਰਾ, ਇਸ ਸ਼ਰੇਣੀ ਦੀਆਂ ਸ਼ਾਹ ਸਵਾਰਾਂ ਦਿਸ ਆਉਂਦੀਆਂ ਹਨ। ਹਿੰਦਵੀਅਤ ਦੀ ਪੁਰਾਤਨਤਾ, ਰਾਜਪੂਤਾਂ ਦੇ ਕੁਲ ਅਭਿਮਾਨ ਅਤੇ ਆਮ ਜਨਤਾ ਦੀ ਡੰਡ-ਰੌਲੇ ਨੇ ਨਿੰਦਿਆ ਦੇ ਕਟਕ ਚਾੜ੍ਹੇ, ਤਾਹਨਿਆਂ ਦੇ ਤੀਰ ਮਾਰੇ, ਗਿਲਿਆਂ ਦੇ ਗੁਲੇਲੇ ਚਲਾਏ, ਪਰ ਮਤਵਾਲੀ ਮੀਰਾਂ ਨੇ ਕੋਈ ਪਰਵਾਹ ਨਾ ਕੀਤੀ। ਉਸਦਾ ਇਸ਼ਕ ਨਾ ਅਟਕਿਆ, ਉਸਦਾ ਪ੍ਰੇਮ ਪਿਛਾਂਹ ਨਾ ਮੁੜਿਆ। ਉਸ ਨੇ ਉਚੀ ਪੁਕਾਰ ਕੇ ਕਿਹਾ, “ਮੈਨੂੰ ਮੰਦੀ ਆਖ ਲਉ, ਕਮੀਨੀ ਕਹਿ ਲਉ, ਸੂਪਨਖ਼ਾ ਸਮਝ ਲਉ, ਮੈਨੂੰ ਇਸ ਤੇ ਉਸ ਜਹਾਨ ਵਿਚ ਅੱਗੇ ਪਿਛੇ ਤੋਂ ਟੁਟੀ ਹੋਈ ਜਾਣ ਲਉ, ਪਰ ਮੈਂ ਮਹਿਬੂਬ ਦੀ ਮੂਰਤੀ ਤੋਂ ਪ੍ਰਾਣ ਵਾਰ ਚੁਕੀ, ਬਉਰੀ, ਪ੍ਰੇਮ ਪੰਥ ਤੋਂ ਪਿਛੇ ਨਹੀਂ ਮੁੜ ਸਕਦੀ।
ਕੋਊਂ ਕਹੋ ਕੁਟਲਾ ਕੁਲੀਨ ਅ-ਕਲੀਨ ਕੋਊ,
ਕੋਊ ਕਹਿਓ ਲੰਕਨੀ ਕੁਲੰਕਨੀ ਕੁਨਾਰੀ ਹੂੰ।
ਊਧੋ ਮਾਤ ਲੋਕ ਦੇ ਲੋਕ ਪ੍ਰਲੋਕ ਹੂੰ ਮੈਂ,
ਰਹਿਤ ਹੂੰ ਅਲੋਕ ਲੋਕ ਲੋਕਨ ਸੇ ਨਿਆਰੀ ਹੂੰ।
ਤਨ ਜਾਹੋ ਧਨ ਜਾਹੋ, ਦੇਵ ਗੁਰੂ ਜਨ ਜਾਹੋ,
ਪ੍ਰਾਨ ਕਿਉਂ ਨਾ ਜਾਹੋ ਨੇਕ ਟਰਤ ਨ ਟਾਰੀ ਹੂੰ।
ਬਿੰਦਰਾ ਬਨਵਾਰੀ, ਬਨਵਾਰ ਕੇ ਮੁਕਟ ਵਾਰੀ,
ਪ੍ਰੀਤ ਪਟਵਾਰੀ ਵਾਕੀ ਮੂਰਤੀ ਕੇ ਵਾਰੀ ਹੂੰ।
ਅਟਕਾਂ ਦਾ ਅੰਤ ਏਥੇ ਹੀ ਨਾ ਹੋਇਆ। ਸੰਸਾਰ ਨਿੰਦਾ ਦੀ ਪਰਵਾਹ ਨਾ ਹੁੰਦੀ ਦੇਖ, ਗਿਲਿਆਂ ਦੀ ਗੱਲ ਨਾ ਗੌਲੀ ਜਾਂਦੀ ਤੱਕ, ਮੇਹਣਿਆਂ ਦੀ ਮਾਰ ਨਾ ਮੁੜਦੀ ਸਮਝ, ਹੋਰ ਭੀ ਹੋਛੇ ਹਥਿਆਰਾਂ 'ਤੇ ਉਤਰ ਪਿਆ। ਉਸ ਨੇ ਮਜ਼ਹਬ ਨੂੰ ਨਾਲ ਮਿਲਾ ਲਿਆ ਤੇ ਮਜ਼ਹਬ ਨੇ ਹਕੂਮਤਾਂ ਨੂੰ ਚੁੱਕਿਆ, ਸ਼ਰਹ ਦੇ ਜ਼ੇਰ ਤੇ ਰਾਜ-ਬਲ ਨੇ ਰਲ ਕੇ ਉਹ ਉਹ ਕਹਿਰ ਢਾਏ ਜਿਨ੍ਹਾਂ ਨੂੰ ਪੜ੍ਹ-ਸੁਣ ਕੇ ਮਨੁੱਖ-ਸੰਤਾਨ ਸ਼ਰਮਿੰਦੀ ਹੁੰਦੀ ਹੈ। ਆਸ਼ਕਾਂ ਨੂੰ ਆਰੇ ਹੇਠ ਰੱਖ ਚੀਰਨਾ, ਸਾਦਕਾਂ ਨੂੰ ਸਲੀਬ 'ਤੇ ਟੰਗਣਾ, ਸੋਹਣਿਆਂ ਨੂੰ ਸੂਲ਼ੀ ਚਾੜ੍ਹਨਾ, ਪਿਆਰ ਦੇ ਮੁਜੱਸਮੇ ਤੱਤੀਆਂ ਤਵੀਆਂ 'ਤੇ ਤਲਣੇ, ਗਰਮ ਦੇਗਾਂ ਵਿਚ ਉਬਾਲਣੇ, ਨੂਰੀਆਂ ਨੂੰ ਨਾਰ 'ਤੇ ਤੋਰਨਾ, ਇਹੋ ਜਿਹੀਆਂ ਹੋਰ ਬੇਅੰਤ ਦਰਦ-ਭਰੀਆਂ ਹੋਣੀਆਂ ਟੁੱਟੀ ਹੋਈ ਮਨੁੱਖਤਾ ਦੇ ਹੱਥੋਂ ਹੋਈਆਂ।
ਮਜ਼ਹਬ ਭਾਵੇਂ ਮੇਵਾ ਤਾਂ ਮਿੱਠਾ ਸੀ, ਪਰ ਅੰਗੂਰ ਨੂੰ ਤੱਰਕਾ, ਸ਼ਰਾਬ ਬਣਾ ਲੈਣ ਵਾਂਗ, ਮਜ਼ਹਬੀ ਪਰੋਹਤਾਂ ਨੇ ਇਸ ਨੂੰ ਤੱਰਕਾ, ਤੁਅੱਸਬ ਦੀ ਸ਼ਰਾਬ ਵਿਚ ਬਦਲ ਦਿੱਤਾ ਸੀ। ਜਿਸ ਦੇ ਨਸ਼ੇ ਕਰ ਬਿਬੇਕ-ਬੁੱਧ-ਹੀਣ ਪੁਜਾਰੀ ਧਰਮ ਦੇ ਨਾਮ ਤੋਂ ਧਰਮੀਆਂ
੬੫