ਸਮੱਗਰੀ 'ਤੇ ਜਾਓ

ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/70

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਸਲ ਵਿਚ ਉਹ ਲੋਕ ਹੈਨ ਹੀ ਧੰਨ, ਜੋ ਭਾਣੇ ਵਿਚ ਸ਼ਾਕਰ ਰਹਿ, ਸ਼ੁਕਰਾਨੇ ਵਿਚ ਦਿਨ ਬਿਤਾਂਦੇ ਹਨ। ਮਾਇਆ ਦੀਆਂ ਠੋਕਰਾਂ ਕਦਮ-ਕਦਮ 'ਤੇ ਮਨੁੱਖ ਨੂੰ ਉਖੇੜਦੀਆਂ ਹਨ। ਮਾਇਆ ਕਦੀ ਕੋਲ ਹੋ ਮਨੁੱਖ ਨੂੰ ਹਸਾਂਦੀ ਅਤੇ ਕਦੇ ਪਰੇ ਹਟ ਗ਼ਰੀਬ ਨੂੰ ਰੁਆਂਦੀ ਹੈ' ਪਰ ਰਜ਼ਾ ਦੇ ਸ਼ਾਕਰ ਲੋਕ, ਇਸ ਸ਼ਾਦੀ ਔਰ ਗ਼ਮੀ ਨੂੰ ਆਰਜ਼ੀ ਜਾਣ, ਮਾਲਕ ਦੇ ਚੋਜ ਮੰਨ ਉਸਦੀ ਸਿਫ਼ਤ ਵਿਚ ਜੁੜ ਜਾਂਦੇ ਹਨ:

ਜੋ ਹੰਸ ਰਹਾ ਹੈ ਵੋਹ ਹੰਸ ਰਹੇਗਾ।
ਜੋ ਰੋ ਰਹਾ ਹੈ ਵਹੁ ਰੋ ਰਹੇਗਾ।
ਸਕੂਨੇ ਦਿਲ ਸੇ ਖ਼ੁਦ ਖ਼ੁਦਾ ਕਰ
ਜੋ ਕੁਛ ਕਿ ਹੋਨਾ ਹੈ ਹੋ ਰਹੇਗਾ।

ਉਹਨਾਂ ਦਾ ਜੀਵਨ ਹੱਸਣ ਰੋਣ ਤੋਂ ਉਤਾਂਹ ਰਹਿ ਸੰਜੀਦਾ ਹੁੰਦਾ ਹੈ:

ਸੇਵਕ ਹੋਇ ਸੰਜੀਦੁ ਨ ਹਸਣੁ ਰੋਵਣਾ।

(ਭਾਈ ਗੁਰਦਾਸ ਜੀ, ਵਾਰ ੩, ਪਉੜੀ ੧੮)

ਉਹ ਇਕ-ਰਸ ਅਡੋਲ ਟਿਕੇ ਰਹਿੰਦੇ ਹਨ।

ਮਨੁੱਖ ਆਮ ਤੌਰ 'ਤੇ ਰੇਤ ਦੇ ਟਿਬੇ ਵਾਂਗ ਹਨ, ਜਿਨ੍ਹਾਂ ਨੂੰ ਤ੍ਰਿਸ਼ਨਾ ਦੀ ਹਨੇਰੀ ਦਾ ਇਕ ਬੁਲ੍ਹਾ ਜਾਂ ਮਾਇਆ ਦੇ ਮੀਂਹ ਦਾ ਇਕ ਫਰਾਟਾ ਉਡਾ ਤੇ ਬਹਾ ਲਿਜਾਂਦਾ ਹੈ। ਪਰ ਸਾਦਕਾਂ ਦੇ ਮਨ ਚੱਟਾਨਾਂ ਹਨ, ਉਹ ਝੱਖੜਾਂ ਤੇ ਹਨੇਰੀਆਂ ਨਾਲ ਨਹੀਂ ਡੋਲਦੇ:

ਝਖੜਿ ਵਾਉ ਨ ਡੋਲਈ ਪਰਬਤੁ ਮੇਰਾਣੁ॥

(ਰਾਮਕਲੀ ਵਾਰ ਸਤਾ ਬਲਵੰਡ, ਪੰਨਾ ੯੬੮)

ਜਿਸ ਤਰ੍ਹਾਂ ਸਾਗਰ ਦੀਆਂ ਲਹਿਰਾਂ, ਕਿਨਾਰੇ 'ਤੇ ਖੜੀਆਂ ਪੱਥਰਾਂ ਦੀਆਂ ਚੱਟਾਨਾਂ ਜਾਂ ਸੀਮਿੰਟ ਦੀਆਂ ਦੀਵਾਰਾਂ ਨਾਲ ਟੱਕਰਾਂ ਮਾਰ ਮਾਰ ਮੁੜ ਜਾਂਦੀਆਂ ਹਨ ਤੇ ਉਹਨਾਂ ਦਾ ਕੁਝ ਵਿਗਾੜ ਨਹੀਂ ਸਕਦੀਆਂ, ਸਗੋਂ ਹਰ ਟੱਕਰ ਨਾਲ ਉਹਨਾਂ ਨੂੰ ਧੋ ਨਵਾਂ ਰੂਪ ਦੇ ਜਾਂਦੀਆਂ ਹਨ। ਓਦਾਂ ਹੀ ਮੋਹ ਮਾਇਆ ਦੇ ਝੱਖੜ, ਸਮੇਂ ਦੇ ਤੂਫ਼ਾਨ, ਬਲਾਵਾਂ ਤੇ ਮੁਸੀਬਤਾਂ, ਭਾਣੇ ਦੇ ਅਨੁਸਾਰ ਰਹਿਣ ਵਾਲੇ ਬਲੀਆਂ ਦਾ ਕੁਝ ਵਿਗਾੜ ਨਹੀਂ ਸਕਦੇ ਸਗੋਂ ਹਰ ਮੁਕਾਮ 'ਤੇ ਉਹਨਾਂ ਨੂੰ ਨਵਾਂ ਉਤਸ਼ਾਹ ਦੇ ਜਾਂਦੇ ਹਨ।

ਸੰਸਾਰ ਦਾ ਇਤਿਹਾਸ ਅਜਿਹੇ ਮਹਾਂਪੁਰਖਾਂ ਦੇ ਜੀਵਨ ਕਰਕੇ ਹੀ ਬਣਿਆ ਹੈ। ਜਗਤ ਦੀ ਆਮ ਵਰਤੋਂ ਪਾਣੀ ਦੀ ਸਹਿਜ ਚਾਲ ਵਾਂਗ ਹੈ, ਪਰ ਜਿਸ ਤਰ੍ਹਾਂ ਚਲਦੀ ਹੋਈ ਨਦੀ ਰਸਤੇ ਵਿਚ ਕੋਈ ਰੋਕ ਜਾਂ ਨਸ਼ੇਬ ਆ ਜਾਣ ਕਰਕੇ ਉੱਚੀਆਂ ਆਬਸ਼ਾਰਾਂ ਬਣਾ, ਦਰਸ਼ਕਾਂ ਲਈ ਇਕ ਅਲੌਕਿਕ ਦ੍ਰਿਸ਼ ਪੈਦਾ ਕਰ ਦੇਂਦੀਆਂ ਹਨ। ਓਦਾਂ ਹੀ ਸਮੇਂ ਦੀ ਸਾਧਾਰਨ ਚਲ ਰਹੀ ਚਾਲ ਵਿਚ ਭਾਣਾ ਮੰਨਣ ਵਾਲੇ ਮਨੁੱਖਾਂ ਦੇ ਜੀਵਨ ਅਲੌਕਿਕ ਦ੍ਰਿਸ਼ ਪੈਦਾ ਕਰਦੇ ਹਨ। ਉਹਨਾਂ ਕਰਕੇ ਹੀ ਸੰਸਾਰ ਦਾ ਇਤਿਹਾਸ ਬਣਦਾ ਹੈ।

ਰਜ਼ਾ ਦੇ ਅਨੁਸਾਰ ਜੀਵਨ ਬਸਰ ਕਰਨਾ, ਜਿਤਨਾ ਉੱਚਾ ਹੈ ਉਤਨਾ ਔਖਾ ਭੀ ਹੈ। ਕਠਨ ਤਪ ਤਾਂ ਅਭਿਆਸ ਨਾਲ ਪ੍ਰਾਪਤ ਹੁੰਦਾ ਹੈ। ਹੋਵੇ ਭੀ ਕਿਉਂ ਨਾ,

੭੦