ਦਸਤਾਰ ਸਜਾਣ ਤੋਂ ਬਿਨਾਂ, ਦੀਵਾਨ ਵਿਚ ਆਉਣ ਦੀ ਆਗਿਆ ਨਹੀਂ। ਬੀਰ ਸਿੰਘ ਦੀ ਦਸਤਾਰ ਅਜੇ ਅੱਧ ਵਿਚ ਹੀ ਸੀ।
ਕੰਘਾ ਦੋਨੋਂ ਵਕਤ ਕਰ ਪਾਗ ਚੁੰਨ ਕਰ ਬਾਂਧਹੀ।
(ਤਨਖਾਹਨਾਮਾ, ਭਾਈ ਨੰਦ ਲਾਲ)
ਪਨਾ–
ਗੁਰੂ ਕਾ ਸਿਖ ਦੀਵਾਨ ਵਿਚ ਦਸਤਾਰ ਸਜਾ ਕੇ ਆਵੇ।
(ਭਾਈ ਚੌਪਾ ਸਿੰਘ)
ਹੁਣ ਇਕ ਪਾਸੇ ਸ਼ਰੀਅਤ ਸੀ ਤੇ ਇਕ ਪਾਸੇ ਤਰੀਕਤ, ਇਕ ਬੰਨੇ ਸ਼ਿੰਗਾਰ ਸੀ ਤੇ ਇਕ ਬੰਨੇ ਮਿਲਾਪ। ਸ਼ਿੰਗਾਰ ਭਾਵੇਂ ਸੁਹਾਗਣਾਂ ਨੂੰ ਬਣ ਆਇਆ ਹੈ ਪਰ ਕੋਈ ਚਤੁਰ ਸੁਲੱਖਣੀ, ਮਿਲਾਪ ਦਾ ਸਮਾਂ ਸ਼ਿੰਗਾਰ ਲਈ ਨਹੀਂ ਗਵਾਉਂਦੀ। ਰਜ਼ਾ ਮੰਨਣ ਦੇ ਅਭਿਆਸੀ ਭਾਈ ਬੀਰ ਸਿੰਘ ਜੀ ਭੀ ਅੱਧੀ ਦਸਤਾਰ ਹੱਥ ਵਿਚ ਹੀ ਫੜ ਉਠ ਭੱਜੇ ਤੇ ਸਤਿਗੁਰਾਂ ਦੀ ਹਜ਼ੂਰੀ ਵਿਚ ਪੁਜ ਉੱਚੀ ਆਵਾਜ਼ ਵਿਚ ਬੋਲੇ, “ਮੈਂ ਸ਼ਹਾਦਤ ਲਈ ਸ਼ਰੀਅਤ ਕੁਰਬਾਨ ਕੀਤੀ ਹੈ, ਸ਼ਹੁ ਰਿਝਾਉਣ ਹਿਤ ਮੈਂ ਸ਼ਿੰਗਾਰ ਵਿਚੇ ਛਡਿਆ ਹੈ।” ਇਹ ਸੁਣ ਸਤਿਗੁਰੂ ਪ੍ਰਸੰਨ ਹੋਏ ਤੇ ਬੀਰ ਸਿੰਘ ਪ੍ਰਵਾਨ ਹੋਇਆ।
ਹੁਕਮ ਰਜਾਈ ਵਿਚ ਚੱਲਣ ਵਾਲੇ ਮਹਾਂਪੁਰਖਾਂ ਦੇ ਇਹੋ ਜਿਹੇ ਕੌਤਕ ਭਾਵੇਂ ਬਾਹਰਮੁਖੀ ਸੰਸਾਰ ਨੂੰ ਅਲ-ਵਲੱਲੇ ਤੇ ਅਸਚਰਜ ਜਿਹੇ ਭਾਸਦੇ ਹਨ ਪਰ ਰਮਜ਼ੋਂ ਖ਼ਾਲੀ ਕਦੀ ਨਹੀਂ ਹੁੰਦੇ। ਇਨ੍ਹਾਂ ਰਮਜ਼ਾਂ ਦਾ ਭੇਦ ਮਹਿਰਮ ਨੂੰ ਹੀ ਮਿਲਦਾ ਹੈ। ਲਿਖਿਆ ਹੈ ਕਿ ਜਦ ਲੋਭੀ ਔਰੰਗਜ਼ੇਬ, ਪਿਤਾ ਨੂੰ ਕੈਦ ਕਰ, ਭਰਾਵਾਂ ਨੂੰ ਮਾਰ ਦਿੱਲੀ ਦੇ ਤਖ਼ਤ ’ਤੇ ਬੈਠ ਗਿਆ ਤਾਂ ਇਸ ਨੂੰ ਇਕ ਹੋਰ ਚਿੰਤਾ ਲਗੀ ਕਿ ਦਾਰਾ ਸ਼ਿਕੋਹ ਬੜਾ ਖ਼ੁਦਾਪ੍ਰਸਤ ਸੀ, ਕਿਤੇ ਉਸਦੇ ਸੰਗੀ ਬਗ਼ਾਵਤ ਦੀ ਅੱਗ ਨਾ ਭੜਕਾ ਦੇਣ। ਬਾਦਸ਼ਾਹ ਔਰੰਗਜ਼ੇਬ ਨੇ ਇਕ ਇਕ ਨੂੰ ਮੁਕਾਉਣਾ ਚਾਹਿਆ ਤੇ ਓੜਕ ਇਕ ਦਿਨ ਸਰਮੱਦ*[1] ਦੀ ਵਾਰੀ ਭੀ ਆ ਗਈ। ਇਹਨਾਂ ਨੂੰ ਪਕੜ ਮੰਗਵਾਇਆ ਗਿਆ। ਸਰਮੱਦ ਜੀ ਨਗਨ ਸਨ, ਭੇਖ ਕਰਕੇ ਨਹੀਂ, ਕਿਸੇ ਰੰਗ ਵਿਚ।
ਨਗਨ ਫਿਰਤ ਰੰਗਿ ਏਕ ਕੈ ਓਹੁ ਸੋਭਾ ਪਾਏ॥
(ਸੂਹੀ ਮ: ੫, ਪੰਨਾ ੭੪੫)
ਜਦ ਦਰਬਾਰ ਵਿਚ ਆਏ ਤਾਂ ਔਰੰਗਜ਼ੇਬ ਦੇ ਇਸ਼ਾਰੇ 'ਤੇ ਮੁਫ਼ਤੀ ਨੇ ਸ਼ਰਈ ਫ਼ਤਵਾ ਦੇਂਦਿਆਂ ਹੋਇਆਂ ਕਿਹਾ, “ਮੋਮਨ ਲਈ ਨੰਗਾ ਰਹਿਣਾ ਜੁਰਮ ਹੈ।” ਬਾਦਸ਼ਾਹ ਨੇ ਇਕ ਲੰਬਾ ਰੇਸ਼ਮੀ ਚੋਲਾ ਮੰਗਾ ਕੇ ਸਰਮੱਦ ਨੂੰ ਪਹਿਨਣ ਲਈ ਕਿਹਾ। ਉਹਨਾਂ ਨੇ ਕਪੜਾ ਫੜ ਲਿਆ, ਕੁਝ ਦੇਰ ਉਸਦੀ ਭੜਕ ਤੇ ਸੁਨਹਿਰੀ ਕੰਮ ਦੀ ਚਮਕ ਨੂੰ ਦੇਖਦੇ ਰਹੇ ਤੇ ਫਿਰ ਬੋਲੇ, “ਥੋੜ੍ਹੀ ਜਿਹੀ ਅੱਗ ਚਾਹੀਦੀ ਹੈ!" ਬਾਦਸ਼ਾਹ ਦੇ ਇਸ਼ਾਰੇ 'ਤੇ ਨਰ ਇਕ ਭਖਦਾ ਭਖਦਾ ਅੰਗਾਰ ਲੈ ਆਇਆ। ਸਰਮੱਦ ਨੇ ਅੰਗਾਰ ਜ਼ਮੀਨ 'ਤੇ ਧਰ ਕੇ ਉਸ 'ਤੇ ਚੋਗਾ ਰੱਖ ਕੇ ਫੂਕ ਮਾਰ ਦਿਤੀ। ਕਪੜਾ ਦੇਖਦਿਆਂ ਦੇਖਦਿਆਂ ਸੜ ਕੇ ਸੁਆਹ ਹੋ ਗਿਆ।
- ↑ *ਸਰਮੱਦ ਇਕ ਇਰਮਨੀ ਯਹੂਦੀ ਸੀ, ਜੋ ਹਿੰਦੁਸਤਾਨ ਵਿਚ ਵਪਾਰ ਲਈ ਆਇਆ। ਸਿੰਧ ਦੇ ਸ਼ਹਿਰ ਠਟ ਵਿਚ ਮਜਾਜ਼ੀ ਇਸ਼ਕ ਵਿਚ ਬਉਰਾ ਹੋ ਹਕੀਕਤ ਤਕ ਪੁਜਾ। ਔਰੰਗਜ਼ੇਬ ਦੇ ਹੁਕਮ ਨਾਲ ਉਸਦਾ ਕਤਲ ਹੋਇਆ, ਉਸਦੀ ਮਜ਼ਾਰ ਦਿੱਲੀ ਵਿਚ ਜਾਮਾ ਮਸਜਿਦ ਦੇ ਕੋਲ ਹੈ
੭੫