ਢੂੰਢਨੇ ਜੋ ਆਏ ਵਹੁ ਗੋਰੇ ਗਰੀਬਾਂ ਮੇਂ ਉਸੇ,
ਪਰ ਨਿਸ਼ਾਨੇ ਕਬਰ ਤਕ ਉਸ ਕਾ ਨਾ ਉਨ ਕੋ ਯਾਦ ਹੋ।
ਹਰ ਲਹਦ ਕੇ ਨਾਜ਼ ਸੇ ਠੁਕਰਾ ਕੇ ਯੂੰ ਕਹਿਨੇ ਲਗੇ,
ਬੋਲ ਉਠੇ ਜੋ ਹਮਾਰਾ ਆਸ਼ਕੇ ਨਾਸ਼ਾਦ ਹੋ।
ਉਸ ਘੜੀ ਇਕ ਬੇ-ਨਿਸ਼ਾਂ ਤੁਰਬਤ ਸੇ ਆਈ ਯੇ ਸਦਾ,
ਮੈਂ ਜਾਨੋਂ ਦਿਲ ਸੇ ਆਜ ਭੀ ਹਾਜ਼ਰ ਹੂੰ ਜੋ ਅਰਸ਼ਾਦ ਹੋ।
ਭਾਵੇਂ ਇਹ ਇਕ ਕਿੱਸਾ ਹੀ ਹੈ ਪਰ ਇਸ਼ਾਰਾ ਮਹਾਨ ਉੱਚੀ ਸੱਚਾਈ ਵੱਲ ਕਰਦਾ ਹੈ।
ਕਿੱਸਿਆਂ ਦੀਆਂ ਰਵਾਇਤਾਂ ਤੋਂ ਬਿਨਾਂ ਜਦ ਅਸੀਂ ਮਨੁੱਖੀ ਜੀਵਨ ਦੇ ਇਤਿਹਾਸ 'ਤੇ ਨਿਗਾਹ ਮਾਰਦੇ ਹਾਂ, ਤਾਂ ਵੀ ਸਾਨੂੰ ਰਜ਼ਾ ਦੇ ਤਾਲਬਾਂ ਦੇ ਅਜਬ ਅਜਬ ਚਮਤਕਾਰ ਦਿਸ ਆਉਂਦੇ ਹਨ। ਉਹਨਾਂ ਨੂੰ ਜਦ ਭਾਣੇ ਦਾ ਸੁਆਦ ਆਉਣ ਲਗਦਾ ਏ, ਤਾਂ ਉਹ ਉਸ ਵਿਚ ਮਾਖਿਓ ਦੀ ਮੱਖੀ ਵਾਂਗ ਜੁਟ ਬਹਿੰਦੇ ਹਨ। ਮੁਸੀਬਤਾਂ, ਬਲਾਵਾਂ, ਤੰਗੀਆਂ, ਗ਼ੁਰਬਤਾਂ ਤੇ ਓੜਕ ਮੌਤ ਤਕ ਭੀ, ਆਪਣਾ ਭੈ ਦੇ ਦੇ ਉਹਨਾਂ ਨੂੰ ਰਜ਼ਾ ਤੋਂ ਹਟਾਣਾ ਚਾਹੁੰਦੀ ਹੈ ਪਰ ਉਹ ਦ੍ਰਿੜ੍ਹ ਵਿਸ਼ਵਾਸੀ ਹਟਦੇ ਨਹੀਂ। ਕਿਆ ਸੋਹਣਾ ਦ੍ਰਿਸ਼ ਸੀ, ਦਿੱਲੀ ਦੇ ਚਾਂਦਨੀ ਚੌਕ ਵਿਚ ਜਦ ਰੱਬ ਦੀ ਰਜ਼ਾ ਵਿਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਤੇ ਸਤਿਗੁਰਾਂ ਦੀ ਰਜ਼ਾ ਵਿਚ ਭਾਈ ਮਤੀ ਦਾਸ ਜੀ ਸ਼ਾਹੀ ਕੈਦੀ ਦੀ ਹੈਸੀਅਤ ਵਿਚ ਆਏ। ਇਹ ਨਦੀ, ਦਰਿਆ ਤੇ ਸਮੁੰਦਰ ਦਾ ਇਸ਼ਕ ਹੀ, ਅੰਦਰੋਂ ਇਕ ਤੇ ਬਾਹਰੋਂ ਤਿੰਨ ਰੂਪ ਲੈ ਕੌਤਕ ਕਰ ਰਿਹਾ ਸੀ। ਸਤਿਗੁਰੂ ਜੀ ਸੂਲਾਂ ਵਾਲੇ ਲੋਹੇ ਦੇ ਪਿੰਜਰੇ ਵਿਚ ਕੈਦ ਸਨ। ਜਦੋਂ ਮਤੀ ਦਾਸ ਨੂੰ ਸਾਹਮਣੇ ਲਿਆ, ਫੱਟਿਆਂ ਵਿਚ ਬੰਨ੍ਹਿਆ ਗਿਆ ਤਾਂ ਕਾਤਲ ਨੇ ਸਿਰ 'ਤੇ ਆਰਾ ਰਖ ਕੇ ਕਿਹਾ ਕਿ ਐ ਮਤੀ ਦਾਸ, ਜੇ ਤੂੰ ਪਿੰਜਰੇ ਵਾਲੇ ਕੈਦੀ ਦੀ ਰਜ਼ਾ ਮੰਨੇਗਾ ਤਾਂ ਤੈਨੂੰ ਚੀਰ ਕੇ ਦੋ ਫਾੜ ਕੀਤਾ ਜਾਏਗਾ ਅਤੇ ਜੇ ਉਸ ਤੋਂ ਮੂੰਹ ਮੋੜੇਂ, ਸ਼ਹਿਨਸ਼ਾਹੀ ਹਿੰਦ ਦੀਆਂ ਖ਼ੁਸ਼ੀਆਂ, ਫਲ, ਧਨ, ਸਾਮੱਗਰੀ, ਐਸ਼ ਤੇ ਮਾਣ ਮਿਲੇਗਾ। ਦੱਸ, ਦੋਹਾਂ ਵਿਚੋਂ ਕੀ ਪਰਵਾਨ ਈਂ? ਮਤੀ ਦਾਸ ਮੁਸਕਰਾਏ ਤੇ ਬੋਲੇ, “ਦੋਹਾਂ ਚੀਜ਼ਾਂ ਵਿਚੋਂ ਇਕ ਦੀ ਚੋਣ ਉਹ ਕਰ ਸਕਦਾ ਹੈ ਜੋ ਦੋਹਾਂ ਦਾ ਜਾਣੂ ਹੋਵੇ। ਮੈਂ ਧਨ-ਦੌਲਤ ਤੇ ਮਾਣ ਦੇ ਰਸ ਤੋਂ ਜਾਣੂ ਹਾਂ, ਪਰ ਆਰੇ ਦੇ ਰਸ ਤੋਂ ਨਾਵਾਕਫ਼ ਹਾਂ। ਜੇ ਦੋ ਚੀਰ ਦੇ ਦੇਵੇਂ ਤਾਂ ਚੋਣ ਕਰ ਸਕਾਂ।” ਮਨਾਂ ਦੇ ਨਾ-ਮਹਿਰਮ, ਤਨ ਦੇ ਕਾਤਲ ਨੇ ਕਾਜ਼ੀ ਦੇ ਇਸ਼ਾਰੇ 'ਤੇ ਜ਼ੋਰ ਨਾਲ ਆਰਾ ਚਲਾਇਆ। ਯਮਨ ਦੇ ਲਾਲਾਂ ਵਰਗੇ ਖ਼ੂਨ ਦੇ ਗੋਲ ਗੋਲ ਕਰੇ ਜਦੋਂ ਚਿਹਰੇ ਤੋਂ ਢਲ, ਦਾਹੜੇ ਵਿਚ ਆਣ ਅਟਕੇ ਤਾਂ ਆਪ ਨੇ ਜੱਲਾਦ ਨੂੰ ਕਿਹਾ, “ਮਿੱਤਰਾ! ਹੁਣ ਅਟਕ ਨਾ, ਮੈਂ ਵਾਲੋ ਵਾਲ ਮੋਤੀ ਪ੍ਰੋ ਚੁਕੀ ਸ਼ਿੰਗਾਰ ਕਰੀ ਸੁਹਾਗਣ ਹਾਂ। ਮੈਨੂੰ ਪਿਰ ਰਾਵਣ ਦੇ, ਮੈਨੂੰ ਚੀਰ ਸੁੱਟ, ਕੰਘੀ ਬਣਾ ਤਾਂ ਜੋ ਮਹਿਬੂਬ ਦੀਆਂ ਜ਼ੁਲਫ਼ਾਂ ਵਿਚ ਜਾ ਟਿਕਾਂ।”
ਤਾ ਸ਼ਾਨਾ ਸਿਫ਼ਤ ਸ਼ਰ ਨਾ ਨਹੀਂ ਦਰ ਤਹਿ ਆਗ।
ਹਰਗ਼ਿਜ਼ ਬਸਰੇ ਜ਼ੁਲਫ਼ੇ ਨਗਾਰੇ ਨਾ ਰਸੀ।
ਰਜ਼ਾ ਦੇ ਮਸਤਾਨਿਆਂ ਦੀ ਮਸਤੀ ਦੀ ਅਵਸਥਾ, ਭਾਦਰੋਂ ਦੀ ਕਾਂਗ ਚੜ੍ਹੇ ਦਰੱਖ਼ਤਾਂ ਵਾਂਗ ਹੁੰਦੀ ਹੈ। ਉਹ ਸਲੀਬਾਂ ਮੋਢੇ 'ਤੇ ਚੁਕ ਟੁਰਦੇ, ਸੂਲੀਆਂ ਵੱਲ ਉਠ
੭੭