ਸਮੱਗਰੀ 'ਤੇ ਜਾਓ

ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/85

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਾਪ ਬੇਟੇ ਨੂੰ ਮੇਲੇ ਲੈ ਤੁਰਿਆ।

ਬੱਚਾ ਮੇਲੇ ਵਿਚ ਵੜਿਆ ਤਾਂ ਉਥੇ ਖ਼ੂਬ ਰੌਣਕਾਂ ਸਨ। ਹਰ ਪਾਸੇ ਸਜੀਆਂ ਹੋਈਆਂ ਦੁਕਾਨਾਂ, ਕਿਸੇ ਪਾਸੇ ਸੋਹਣੀਆਂ ਤਸਵੀਰਾਂ, ਕਿਤੇ ਸੁੰਦਰ ਖਿਡੌਣੇ, ਕਿਸੇ ਪਾਸੇ ਸੁਆਦਲੀਆਂ ਮਠਿਆਈਆਂ ਤੇ ਮੇਵੇ, ਹਰ ਤਰਫ਼ ਸ਼ੋਰ, ਰੌਲਾ, ਕੁਲਾਹਲ, ਗਾਣੇ, ਹਾਸੇ ਤੇ ਭੀੜ, ਬੱਚੇ ਨੇ ਬਾਪ ਦੀ ਉਂਗਲੀ ਘੁੱਟ ਕੇ ਫੜ ਛੱਡੀ। ਖਿਡੌਣੇ ਲਏ, ਮੂਰਤਾਂ ਖ਼ਰੀਦੀਆਂ, ਮਠਿਆਈ ਖਾਧੀ, ਵਲ ਛਕੋ, ਤਮਾਸ਼ੇ ਦੇਖੋ ਤੇ ਖ਼ੁਸ਼ੀਆਂ ਮਾਣੀਆਂ। ਪਰ ਚਲਦੇ ਚਲਦੇ ਇਕ ਥਾਂ ਮਦਾਰੀ ਦਾ ਖੇਲ ਹੁੰਦਾ ਦੇਖ ਉਹ ਰੁਕ ਗਏ। ਮਦਾਰੀ ਨੂੰ ਝੂਠੀ ਮੂਠੀ ਦੇ ਰੁਪਏ ਬਣਾਉਂਦੇ ਤੇ ਟੋਕਰੇ ਹੇਠੋਂ ਹੀ ਬੂਟੇ ਤੇ ਜਾਨਵਰ ਕਢਦਿਆਂ ਦੇਖ ਕੇ ਬੱਚਾ ਅਸਚਰਜ ਹੋ ਗਿਆ। ਹੈਰਾਨਗੀ ਵਿਚ ਆਪਣੀ ਸੁਰਤ ਇਤਨੀ ਤਮਾਸ਼ੇ ਵਿਚ ਜੋੜ ਬੈਠਾ ਕਿ ਬਾਪ ਦੀ ਉਂਗਲੀ ਫੜਨ ਵਾਲਾ ਹੱਥ ਢਿੱਲਾ ਪੈ ਗਿਆ। ਪਿਛੋਂ ਭੀੜ ਦਾ ਇਕ ਧੱਕਾ ਆਇਆ ਕਿ ਲੜਕਾ ਪਿਓ ਨਾਲੋਂ ਵਿੱਛੜ ਗਿਆ। ਕੁਝ ਚਿਰ ਤਾਂ ਤਮਾਸ਼ਾ ਦੇਖਦਾ ਰਿਹਾ, ਪਰ ਜਦੋਂ ਸੰਭਲਿਆ ਤਾਂ ਕੀ ਵੇਖਿਆ ਕਿ ਹੱਥ ਵਿਚੋਂ ਬਾਪ ਦੀ ਉਂਗਲੀ ਨਿਕਲ ਗਈ ਤੇ ਪਿਤਾ ਅੱਖਾਂ ਤੋਂ ਉਹਲੇ ਹੋ ਗਿਆ ਸੀ। ਪਹਿਲਾਂ ਅਵਾਜ਼ਾਂ ਮਾਰੀਆਂ ਤੇ ਐਧਰ-ਓਧਰ ਤਕਿਆ, ਦੌੜਿਆ, ਫਿਰ ਚੀਕਾਂ ਤੇ ਉਤਰ ਆਇਆ ਤੇ ਲੱਗਾ ਰੋ ਰੋ ਰੌਲਾ ਪਾਉਣ। ਇਸ ਨੂੰ ਰੋਂਦਿਆਂ ਵੇਖ ਦਰਦਵੰਦ ਸਿਆਣਿਆਂ ਨੇ, ਕਿਸੇ ਦਾ ਵਿਛੜਿਆ ਹੋਇਆ ਬਾਲਕ ਸਮਝ ਕੇ ਪਰਚਾਉਣ ਦਾ ਜਤਨ ਕੀਤਾ। ਕੁੱਛੜ ਚੁੱਕਣ ਤਾਂ ਛੜੀਆਂ ਮਾਰੇ ਤੇ ਡਿਗ ਡਿਗ ਪਵੇ, ਖਾਣ ਨੂੰ ਮਠਿਆਈ ਦੇਣ ਤਾਂ ਹੱਥ ਨਾਲ ਪਰੇ ਵਗਾਹ ਮਾਰੇ, ਨਾ ਕਿਸੇ ਖਿਡੌਣੇ ਨਾਲ ਖੇਡੇ ਤੇ ਨਾ ਕਿਸੇ ਮੂਰਤ ਦਿਤਿਆਂ ਮੰਨੇ। ਮਾਸੂਮ ਬੱਚਾ ਉਤਨਾ ਚਿਰ ਰੋਂਦਾ ਤੇ ਚੀਖਦਾ ਬੇਕਰਾਰ ਹੀ ਰਿਹਾ, ਜਦ ਤਕ ਕਿ ਫਿਰ ਪਿਓ ਨਾਲ ਨਾ ਮਿਲਾ ਦਿੱਤਾ ਗਿਆ। ਪਿਓ ਦੇ ਵਿਛੋੜੇ ਵਿਚ ਨਾ ਉਸਨੂੰ ਮੇਲਾ ਸੁਖਾਇਆ, ਨਾ ਉਸਨੂੰ ਮਠਿਆਈਆਂ ਮਿਠੀਆਂ ਲੱਗੀਆਂ ਤੇ ਨਾ ਹੀ ਖਿਡੌਣੇ ਖ਼ੂਬਸੂਰਤ।

ਗੁਰਮਤਿ ਦਸਦੀ ਹੈ ਕਿ ਸੰਸਾਰ ਵਿਚ ਸਾਰੇ ਗੁਨਾਹ ਦੀ ਬੁਨਿਆਦ ਪਰਮੇਸ਼੍ਵਰ ਪਿਤਾ ਤੋਂ ਵਿਛੜਨਾ ਹੀ ਹੈ। ਦੁਨੀਆ ਇਕ ਭਾਰਾ ਮੇਲਾ ਹੈ। ਇਸ ਵਿਚ ਥਾਉਂ ਥਾਈਂ ਕੌਤਕ, ਤਮਾਸ਼ੇ ਤੇ ਰੌਣਕਾਂ ਹਨ। ਸੋਹਣੀਆਂ ਤਸਵੀਰਾਂ ਤੇ ਸੁੰਦਰ ਖਿਡੌਣੇ ਮਨ ਨੂੰ ਮੋਹਣ ਵਾਲੇ ਹਨ। ਸੁਆਦਿਸ਼ਟ ਭੋਜਨ ਤੇ ਮਠਿਆਈਆਂ ਦੇਖ ਮੂੰਹ ਵਿਚ ਪਾਣੀ ਭਰ ਆਉਂਦਾ ਹੈ। ਪਰ ਜੇ ਮਨੁੱਖ ਸੰਜਮ ਸਹਿਤ ਇਸ ਮੇਲੇ ਨੂੰ ਤੱਕੇ, ਤਾਂ ਇਹ ਬਣਾਇਆ ਹੀ ਉਹਦੇ ਲਈ ਗਿਆ ਹੈ। ਪਰ ਜਦੋਂ ਕਿਸੇ ਪਾਸੇ ਹੱਦ ਤੋਂ ਟੱਪ ਅਸਾਧਾਰਨ ਮਨ ਜੋੜ ਬਹਿੰਦਾ ਹੈ ਤਾਂ ਇਸ ਦੇ ਹੱਥੋਂ ਪ੍ਰਭੂ ਪਿਤਾ ਦੀ ਉਂਗਲੀ ਛੁੱਟ ਜਾਂਦੀ ਹੈ। ਜਿਸ ਤੋਂ ਸਭ ਗੁਨਾਹ ਤੇ ਉਹਨਾਂ ਦਾ ਫਲ ਦੁੱਖ, ਇਸ ਨੂੰ ਆ ਵਾਪਰਦਾ ਹੈ। ਕਿਸੇ ਸ਼ੈਤਾਨ ਜਾਂ ਅਹਿਰਮਨ ਨੂੰ ਕੀ ਦੋਸ਼ ਦੇਣਾ ਹੋਇਆ:

ਕਤਿਕਿ ਕਰਮ ਕਮਾਵਣੇ ਦੋਸੁ ਨ ਕਾਹੂ ਜੋਗੁ॥
ਪਰਮੇਸਰੁ ਤੇ ਭੁਲਿਆਂ ਵਿਆਪਨਿ ਸਭੇ ਰੋਗ॥
ਖਿਨ ਮਹਿ ਕਉੜੇ ਹੋਇ ਗਏ ਜਿਤੜੇ ਮਾਇਆ ਭੋਗ॥

(ਬਾਰਹਮਾਹਾ ਮਾਂਝ ਮਹਲਾ ੫, ਪੰਨਾ ੧੩੫)

੮੫