ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੮੪ )
ਰੋਟੀ, ਸ਼ੇਰਾਂ ਦੇ ਨੱਕ ਨੂੰ ਨੱਥਦੀ ਏ,
ਪੈਂਛੀ ਉੱਡਕੇ ਕਰੇ ਸ਼ਿਕਾਰ ਰੋਟੀ!
ਤਾਜ ਵਾਲੇ ਬੀ ਹੈਨ ਮੁਥਾਜ ਇਹਦੇ,
ਪ੍ਰਗਟ ਹੋਈ ਅਚੱਰਜ ਸਰਕਾਰ ਰੋਟੀ!
ਸੁਲੇਮਾਨ ਜਹੇ ਝੋਕਦੇ ਭੱਠ ਜਾਕੇ;
ਜਦੋਂ ਕਰਦੀ ਏ ਬਹੁਤ ਲਾਚਾਰ ਰੋਟੀ!
ਇਹਦੇ ਵਲਾਂ ਵਿੱਚ ਵਲੀ ਬੀ ਵਲੇ ਹੋਏ ਨੇ,
ਕੀਤੀ ਕਾਠ ਦੀ *ਕਈਆਂ ਤਿਆਰ ਰੋਟੀ !
ਛੱਡ ਮੂਸਾ ਦੀ ਕੌਮ ਨੇ +"ਮੱਨਸਲਵਾ",
ਮੰਗੀ ਓਸ ਕੋਲੋਂ ਬਾਰ ਬਾਰ ਰੋਟੀ!
ਕਾਹਨੂੰ ਕਿਸੇ ਦੀ ਚੋਪੜੀ ਵੇਖ ਤਰਸੇਂ,
ਸੁੱਕੀ ਜਾਣ ਅਪਣੀ ਅੰਮ੍ਰਤਧਾਰ ਰੋਟੀ !
ਕਰਕੇ ਹੱਕ ਹਲਾਲ ਦੀ ਖਾਏ ਜੇਹੜਾ,
ਖੋਲ੍ਹੇ ਓਸ ਤੇ ਰੱਬੀ "ਇਸਰਾਰ" ਰੋਟੀ !
ਅੰਨ, ਧਨ ਦੀ ਓਸ ਘਰ ਵਗੇ ਗੰਗਾ,
ਜਿਹੜਾ ਰੱਖਦਾ ਸਾਂਭ ਸਵਾਰ ਰੋਟੀ !
ਰੱਬ ਝੱਬ ਨਿਆਦਰੀ ਕਰੇ ਓਹਦੀ,
ਗੰਦੀ ਥਾਂ ਜੋ ਸੁੱਟੇ ਗਾਵਾਰ ਰੋਟੀ !
ਖਾਣੇ ਕਈ ਪਰਕਾਰ ਦੇ ਹੈਨ ਭਾਵੇਂ
ਪਰ ਹੈ ਸਭ ਦੀ ਬਣੀ ਸਰਦਾਰ ਰੋਟੀ !
- ਬਾਬਾ ਫਰੀਦ ਜੀ ਸ਼ਕਰ ਗੰਜ ।
+ਇਕ ਕਿਸਮ ਦਾ ਅਰਸ਼ੀ ਖਾਣਾ ਸੀ ।