ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
(੨੧੫)
ਉੱਚੇ ਉੱਚੇ ਮਹਿਲ ਮੁਨਾਰੇ,
ਅੱਖਾਂ ਅੱਗੇ ਫਿਰਦੇ ਸਾਰੇ।
ਏਹ ਦਿਲ ਕਰਦਾ ਮਾਰ ਉਡਾਰੀ,
ਜਾ ਪਹੁੰਚਾਂ ਮੈਂ ਇੱਕੋ ਵਾਰੀ।
ਖਿੱਚ ਲਵੇ ਯਾ ਜ਼ਿਮੀ ਤਣਾਵਾਂ,
ਫੋਰ ਅੱਖੀਂ ਵਿੱਚ ਓਥੇ ਜਾਵਾਂ।
ਸੰਗੀ ਸਾਥੀ ਬੇਲੀ ਪ੍ਯਾਰੇ,
ਜਾਕੇ ਗਲੇ ਲਗਾਵਾਂ ਸਾਰੇ।
ਕੀ ਆਖਾਂ ਕੁਝ ਵੱਸ ਨ ਚੱਲੇ,
ਪਾਸੇ ਲੂਸਾਂ ਕਰ ਕਰ ਹੱਲੇ।
'ਸ਼ਰਫ਼' ਸ੍ਵਰਗੀ ਮੌਜ ਬਹਾਰਾਂ,
ਦੇਸ਼ ਪਿਆਰੇ ਉੱਤੋਂ ਵਾਰਾਂ।
ਮਾਹੀ ਦੀ ਸਿਕ
ਬੂਟੇ ਨੂੰ ਮੈਂ ਪਾਣੀ ਪਾਵਾਂ,
ਗੀਤ ਮਾਹੀ ਦੇ, ਨਾਲੇ ਗਾਵਾਂ।
ਫੁੱਟਣ ਕਲੀਆਂ ਨਿਕਲਣ ਪੱਤੇ,
ਮਾਹੀਆ, ਤੈਨੂੰ ਖ਼ੈਰਾਂ ਤੇ।