ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
(੨੧੭)
ਪਿਆਰੇ ਕੇਸ
ਕਾਲੇ ਕਾਲੇ ਨਾਗ਼ ਮੈਨੂੰ ਤਰਦੇ ਵਖਾਈ ਦਿੱਤੇ,
ਓਨ੍ਹੇ ਜਦੋਂ ਪਾਣੀ ਵਿੱਚੋਂ ਆਪਣੇ ਨਿਤਾਰੇ ਕੇਸ।
ਲਹਿਰਾਂ ਦੇ ਕਲੇਜੇ ਉੱਤੇ ਛਾਲੇ ਪਏ ਬੁਲ ਬੁਲੇ ਜਹੇ,
ਐਸੇ ਡੰਗ ਮਾਰ ਗਏ ਨੇ ਜ਼ਹਿਰੀਂ ਹੈਂਸਿਆਰੇ ਕੇਸ।
ਮੋਤੀ ਉਦੋਂ ਵੱਸ ਗਏ ਓਹ, ਜੇੜ੍ਹੇ ਕਿਤੋਂ ਲੱਭਦੇ ਨਹੀਂ,
ਛੰਡੇ ਤੇ ਨਚੋੜੇ ਜਦੋਂ ਓਸ ਨੇ ਸਵਾਰੇ ਕੇਸ।
ਇਸ਼ਕ ਪੇਚਾ ਸਰੂ ਉੱਤੇ ਜਿੱਦਾਂ ਚੜ੍ਹ ਜਾਂਵਦਾ ਏ,
ਲਗਰ ਜਹੇ ਕੱਦ ਉੱਤੇ ਦੇਂਦੇ ਤਿਉਂ ਨਜ਼ਾਰੇ ਕੇਸ।
ਪੁੱਛਿਆ ਮੈਂ 'ਬੱਦਲਾਂ 'ਚ ਚੰਦ ਕਿੱਦਾਂ ਆਂਵਦਾ ਏ?'
ਝੱਟ ਪੱਟ ਮੁੱਖੜੇ ਤੇ ਓਸਨੇ ਖਲਾਰੇ ਕੇਸ।
ਕੰਘੀ ਦਿਆਂ ਦੰਦਿਆਂ ਚੋਂ ਲੰਘਕੇ ਸਫ਼ਾਈ ਨਾਲ,
ਕਈਆਂ ਦੇ ਕਲੇਜਿਆਂ ਤੇ ਫੇਰ ਗਏ ਨੇ ਆਰੇ ਕੇਸ।
ਕੰਘੀ ਵਿੱਚੋਂ ਨਿੱਕਲੇ ਤੇ ਕੁੰਡਲਾਂ ਦੇ ਵਿੱਚ ਫਸੇ,
ਮੇਰੇ ਵਾਂਗ ਚੱਕਰਾਂ 'ਚ ਪਏ ਦੁਖਿਆਰੇ ਕੇਸ।
ਇੱਕ ਇੱਕ ਸਤਰ ਓਦੋਂ ਪੜ੍ਹਾਂ ਲੇਖਾਂ ਕਾਲਿਆਂ ਦੀ,
ਸ਼ੀਸ਼ੇ ਵਾਂਗ ਮਾਰਦੇ ਨੇ ਜਦੋਂ ਲਿਸ਼ਕਾਰੇ ਕੇਸ।
ਮੇਰੇ ਵਾਂਗੂੰ ਫੱਟੇ ਹੋਏ ਅੱਖਾਂ ਸੁਰਮੀਲੀਆਂ ਦੇ,
ਪੱਟੀਆਂ ਦੇ ਵਿੱਚ ਪਏ ਮਾਰਨ ਚਮਕਾਰੇ ਕੇਸ।