ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
(੨੪੦)
ਦੇਸ਼ ਵਿਛੁੰਨਾ ਚੇਤੇ ਆਵੇ,
ਚੀਕਾਂ ਮਾਰਾਂ ਏਸੇ ਹਾਵੇ।
ਐਸਾ ਮੇਰਾ ਦਰਦੀ ਕਿਹੜਾ,
ਓਥੇ ਫੇਰ ਪੁਚਾਵੇ ਜਿਹੜਾ?
ਏਥੇ ਮਿਲਦੀਆਂ ਏਹੋ ਸੋਆਂ,
ਦੱਸ 'ਸ਼ਰਫ਼' ਮੈਂ ਕਿਓਂ ਨਾਂ ਰੋਵਾਂ?
--0--
ਦੋ ਸਰਮਾਯਾਦਾਰ
(੧)
ਪਹਿਲਾ ਬੋਲਿਆ ਯਾਰ ਕੀ ਗੱਲ ਦੱਸਾਂ,
ਸੂਟ ਮਖ਼ਮਲੀ ਨਵਾਂ ਬਣਵਾਇਆ ਏ।
ਸੱਤਰ ਪੌਂਡ ਦੀ ਘੜੀ ਹੈ ਕੱਲ ਆਈ,
ਮੇਰੇ ਗੁੱਟ ਨੂੰ ਇਹਨੇ ਸਜਾਇਆ ਏ।
ਕਣੀਆਂ ਨਾਲ ਸੀ ਬੂਟ ਸਲਾਭ ਗਿਆ,
ਪੰਜਾਂ ਪੌਂਡਾਂ ਦਾ ਹੋਰ ਇਹ ਆਇਆ ਏ।
ਖਾਹ ਮਾਜੂਨ ਜਾਕੇ ਸੁੱਚੇ ਮੋਤੀਆਂ ਦੀ,
ਸਿਵਲ ਸਰਜਨ ਨੇ ਅੱਜ ਸਮਝਾਇਆ ਏ।
ਮਾਲਸ਼ ਵਾਸਤੇ ਕਿਹਾ ਬਾਦਾਮ ਰੋਗ਼ਨ,
ਏਸੇ ਵਾਸਤੇ ਨਵਾਂ ਕੱਢਵਾਇਆ ਏ।