ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੨੫ )
ਨਿੱਘੀ ਸ਼ੋਖੀ ਗੂੜ੍ਹੀਆਂ ਸ਼ਰਮਾਂ,
ਲਾਸਾਂ ਪੈਣ, ਜੇ ਪਾਵੇ ਨਰਮਾਂ!
ਅੰਬਰਾਂ ਵਾਂਗੂੰ ਉੱਚ ਖ਼ਿਆਲੀ,
ਨਿਉਂ ਕੇ ਰਹਿਣ ਜ੍ਯੋਂ ਕਰ ਡਾਲੀ!
ਹਸਦੀ ਰਸਦੀ ਚੰਦ ਪੇਸ਼ਾਨੀ,
ਕੰਵਲ ਲਕੀਰਾਂ ਵੱਟ ਨੂਰਾਨੀ!
ਨਰਮ ਸੁਭਾਉ ਦਾਨਿਆਂ ਵਾਲਾ,
ਸਾਊਆਂ ਵਾਲੀ ਹਥ ਵਿਚ ਮਾਲਾ!
ਅੱਖਾਂ ਵਿਚ ਓਹ ਸ਼ਰਮ ਹਜ਼ੂਰੀ,
ਨਿਕਲੇ ਗੱਲ ਨ ਮੂੰਹੋਂ ਪੂਰੀ!
ਸਚ ਦੇ ਸੱਚੇ ਗੱਲਾਂ ਢਲੀਆਂ,
ਜ੍ਯੋਂ ਖੁਸ਼ਬੂ ਖਿਲਾਰਨ ਕਲੀਆਂ!
ਭਲਿਆਈ ਵਿਚ ਉੱਦਮ ਕਰਨਾ,
ਬੁਰਿਆਈ ਤੋਂ ਹਰਦਮ ਡਰਨਾ!
ਛੋਟੀ ਉਮਰਾ 'ਅਕਲ ਵਡੇਰੀ',
ਜ੍ਯੋਂ ਖ਼ੁਸ਼ਬੂ ਨਾਪੇ ਵਿਚ ਘੇਰੀ!
ਸਰੂਆਂ ਵਾਂਗ ਅਣਖ ਵਿਚ ਰਹਿਣਾ,
ਰੱਤੀ ਭਰ ਏਹਸਾਨ ਨ ਸਹਿਣਾ!
ਪੀੜ ਪਰਾਈ ਅੰਦਰ ਮਰਨਾ,
ਦੁਖ ਗ਼ੈਰਾਂ ਦਾ ਸਿਰ ਤੇ ਧਰਨਾ!
ਪਾਕ ਪਵਿੱਤਰ ਥਾਂ ਤੇ ਬਹਿਣਾ,
ਵਾਂਗ ਕੰਵਲ ਦੇ ਸੁਥਰੇ ਰਹਿਣਾ!