ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੨੫੫ )
ਰੰਦਾ ਲੈਕੇ ਜਦੋਂ ਚਲੌਂਦਾ,
ਸੀਨਾ ਸ਼ੀਸ਼ੇ ਵਾਂਗ ਬਣੌਂਦਾ!
ਗੁਣੀਆਂ ਪਕੜ ਸਫ਼ਾਈ ਵੇਖੇ,
ਗੁਣ ਔਗੁਣ ਦੇ ਕਰਦਾ ਲੇਖੇ!
ਸੂਰਤ ਨਾਲ ਲਕੀਰਾਂ ਪਾਵੇ,
ਦਿਲ ਨੂੰ ਸਿੱਧੇ ਰਾਹੇ ਲਾਵੇ!
ਚੱਪੂ ਚੌਰਸ ਜਿਹਾ ਚਲਾਵੇ,
ਲੱਕੜ ਅੰਦਰ ਵੇਲਾਂ ਪਾਵੇ!
ਮੁੜ੍ਹਕੇ ਮੁੜ੍ਹਕੀ ਹੋਯਾ ਹੋਯਾ,
ਜੁੱਸਾ ਕੁੱਲ ਡਬੋਯਾ ਹੋਯਾ!
ਹਰ ਹਰ ਕਤਰਾ ਮੁੜ੍ਹਕੇ ਵਾਲਾ,
ਬਣਿਆ ਹੈਸੀ ਮੋਤੀ ਮਾਲਾ!
ਜਦ ਏਹ ਡਿੱਠਾ ਮਾਯਾ ਧਾਰੀ,
ਦਿਲ ਅੰਦਰ ਏਹ ਗਲ ਵਿਚਾਰੀ:--
ਲੱਕੜ ਉੱਤੇ ਜਿਹਾ ਕੁਸਾਲਾ,
ਕਰਨਾ ਪੈਂਦਾ ਮੇਹਨਤ ਵਾਲਾ ਹੈ!
ਤਾਂ ਏਹ ਬੂਟੇ ਉਕਰੇ ਜਾਵਣ,
ਲੋਕਾਂ ਅੱਗੇ ਸੋਭਾ ਪਾਵਣ!
ਐਪਰ ਦਿਲ ਏਹ ਦੁਨੀਆਂ ਵਾਲੇ,
ਪੱਥਰ ਕੋਲੋਂ ਸਖ਼ਤ ਨਿਰਾਲੇ!
ਨਾਮ ਉਕਰਨਾ ਓਹਨਾਂ ਉੱਤੇ,
ਫਲ ਲਿਆਉਣੇ ਹੋਨ ਕਰੁੱਤੇ!