ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/285

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੬੫)

ਮੈਂ ਤਾਂ ਓਦੋਂ ਭੁਲਾਯਾ ਹੋਯਾ,
ਹੁਸਨ ਨਗਰ ਸਾਂ ਆਯਾ ਹੋਯਾ।
ਵੇਂਹਦਾ ਤੇਰੇ ਸੁੰਦਰ ਕਾਰੇ,
ਜਾਂਦਾ ਤੇਰੇ, ਵਾਰੇ ਵਾਰੇ।
ਨੈਣ ਕਟਾਰ ਬਣਾਏ ਤੇਰੇ,
ਜ਼ੁਲਫ਼ਾਂ ਦੇ ਵਲ ਪਾਏ ਤੇਰੇ।
ਸਿੱਧੇ ਕੱਦ ਬਣਾਏ ਹੋਏ,
ਖ਼ਾਲ ਮੂੰਹਾਂ ਤੇ ਪਾਏ ਹੋਏ।
ਅਲਫ਼ਾਂ ਉੱਤੇ ਕਤਰੇ ਡੋਲ੍ਹੇ,
ਨੂਰੀ ਨੁਕਤੇ-ਕਾਲੋਂ ਖੋਲ੍ਹੇ।
ਤੂੰ ਫੜ ਪਿੱਛੋਂ ਕਲਮ ਚਲਾਈ,
ਲਿਖ ਦਿੱਤੀ ਜੋ ਦਿਲ ਵਿਚ ਆਈ।
ਜੇ ਮੈਂ ਹੁੰਦਾ ਕੋਲ ਖਲੋਤਾ,
ਪੂਰਾ ਕਰਦਾ ਤੇਰਾ ਪੋਤਾ।
ਕਲਮ ਤੇਰੀ ਨੂੰ ਤੋੜ ਗਵੌਂਦਾ,
ਸ਼ਾਹੀ ਤੇਰੀ ਡੋਲ੍ਹ ਵਿਖੌਂਦਾ।
ਪਾੜ ਸਟੇਂਦਾ ਕਾਗ਼ਜ਼ ਸਾਰਾ,
ਇਕ ਇਕ ਪੁਰਜ਼ਾ ਬਣਦਾ ਤਾਰਾ।
ਯਾ ਤੇ ਚੰਗੇ ਭਾਗ ਬਣੌਂਦੋਂ,
ਯਾ ਨਾਂ ਦੁਨੀਆਂ ਵਿੱਚ ਲਿਔਂਦੋਂ!
ਹੁਣ ਤੇ ਹਰ ਦਮ ਸ਼ੁਕਰ ਗੁਜ਼ਾਰਾਂ,
ਡਰਦਾ ਤੈਥੋਂ ਦਮ ਨਾ ਮਾਰਾਂ!