ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੨੮੬)
ਜਿਉਂ ਜਿਉਂ ਦੁੱਖ ਤੇ ਔਕੜਾਂ ਕਰਨ ਹੱਲੇ,
ਤਿਵੇਂ ਤਿਵੇਂ ਓਹ ਮਗਨ ਅਨੰਦ ਹੋਵੇ।
ਜਿੱਦਾਂ ਸੱਪ ਦੇ ਮੂੰਹ ਵਿਚ ਹੋਏ ਮੋਤੀ,
ਜਿਵੇਂ ਲਫ਼ਜ਼ ਅੰਦਰ ਅਰਥ ਬੰਦ ਹੋਵੇ।
ਓਸੇ ਤਰ੍ਹਾਂ ਗ੍ਰਿਹਸਤ ਦੇ ਦੁੱਖ ਅੰਦਰ,
ਪਤੀਬਰਤ ਦਾ ਰੱਖਿਆ ਚੰਦ ਹੋਵੇ।
ਕਾਇਰ ਦਿਲ ਗ੍ਰਿਹਸਤ 'ਚੋਂ ਫੇਲ ਹੋਈਓਂ,
ਹੈ ਇਹ ਫ਼ੈਸਲਾ ਅੱਜ ਪਹਿਚਾਨ ਮੇਰਾ।
'ਸਿਦਕ' 'ਲਾਜ' ਕਰਵਾਯਾ ਹੈ ਬਰੀ ਤੈਨੂੰ,
ਪਰ ਇਹ ਯਾਦ ਰਹੇ 'ਸ਼ਰਫ਼' ਫ਼ੁਰਮਾਨ ਮੇਰਾ।
-- ੦ --
ਮੁਰਸ਼ਦ
ਮੁਰਸ਼ਦ ਮੇਰੇ ਪ੍ਰੇਮ ਪਿਆਲਾ ਐਸਾ ਮੈਨੂੰ ਪਿਆਯਾ।
ਰੇਤ ਛਲੇ ਦੇ ਖੋਜਾਂ ਵਾਂਗੂੰ ਮੇਰਾ ਕਿਬਰ ਗੁਆਯਾ।
ਹੋਰ ਅਚੰਭਾ ਨਜ਼ਰੀ ਆਇਆ ਮੈਨੂੰ ਜੱਗੋਂ ਬਾਹਰਾ।
"ਸ਼ਰਫ਼" ਮੇਰੇ ਗਲਮੀਨੇ ਅੰਦਰ ਸੂਰਜ ਚੰਦ ਸਮਾਯਾ।
ਜ਼ਾਹਿਰ ਰਹਿਣ ਨਿਮਾਣੇ ਬਣਕੇ ਰਬਦੇ ਖਾਸ ਪਿਆਰੇ।
ਬਾਤਨ ਦੇ ਵਿਚ ਏਨ੍ਹਾਂ ਉੱਤੋਂ ਕੁਦਰਤ ਜਾਂਦੀ ਵਾਰੇ।