ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ਅ )
ਚਨਾਰ ਦੀ ਅੱਗ
ਅਸਰ ਜੇ ਤੂੰ ਚਾਹੇਂ ਗੱਲਾਂ ਵਿੱਚ ਦਿਲਾ, ਬੋਲ ਘੱਟ,
ਵੇਖ ਕਿਵੇਂ ਸ਼ੀਸ਼ੀਆਂ ਨੂੰ ਰੱਖਦਾ ਅਤਾਰ ਬੰਦ!
ਨਿੱਕਾ ਨਿੱਕਾ ਰੋਣਾ ਤੇਰਾ, ਢਾਉਂਦਾ ਏ ਦਿਲ ਪਿਆ,
ਖੁੱਲ੍ਹ ਕੇ ਵੀ ਵਸਦੀ ਨਹੀਂ, ਹੁੰਦੀ ਨਹੀਂ ਫੁਹਾਰ ਬੰਦ!
ਖੁੱਲ੍ਹਾ ਡੁਲ੍ਹਾ ਫਿਰ, ਹੋਵੇ ਮੁੱਖੜੇ ਦੀ ਆਬ ਦੂਣੀ,
ਸੜ ਜਾਂਦਾ ਪਾਣੀ ਓਹਦਾ ਹੋਵੇ ਜੋ ਝਲਾਰ ਬੰਦ!
ਸਾੜ ਰੱਖ ਸੀਨੇ ਵਿੱਚ, ਉੱਤੋਂ ਉਂਜ ਟਹਿਕਦਾ ਰਹੁ,
ਅੱਜ ਜਿਵੇਂ ਆਪਣੇ 'ਚ ਰੱਖਦਾ ਚਨਾਰ ਬੰਦ!
ਘਾਬਰੀਂ ਨਾ ਪਿਆ ਐਵੇਂ ਔਕੜਾਂ ਨੂੰ ਵੇਖ ਵੇਖ,
ਪੱਤ-ਝੜ ਵਿੱਚ ਰੱਖੀ ਰੱਬ ਨੇ ਬਹਾਰ ਬੰਦ !
ਪਾਲਾ ਤੈਨੂੰ ਸੁੱਝਦਾ ਜੇ ਹੋਵੇ ਕਦੀ ਕਰਨੀਆਂ ਦਾ,
ਕਰੇਂ ਕੰਲਲ ਦਿਲ ਦੇ ਤੋਂ ਕਮਲਿਆ ਮੁਘਾਰ ਬੰਦ!
ਨੇਕੀਆਂ ਵਿਹਾਜ ਹੁਣੇ ਦਮ ਤੇਰੇ ਚੱਲਦੇ ਨੇ,
ਫੇਰ ਕੇੜ੍ਹੇ ਕੰਮ ਜਦੋਂ ਹੋ ਗਿਆ ਬਜ਼ਾਰ ਬੰਦ!
'ਸ਼ਰਫ਼' ਅੱਜ ਕੱਲ ਤੇ ਹੈ ਸ਼ਾਇਰ ਓਹੋ ਬਣ ਜਾਂਦਾ,
ਵਿੰਗੇ ਚਿੱਬੇ ਸ਼ੇਅਰਾਂ ਦੇ ਜੋ ਲਿਖ ਲਵੇ ਚਾਰ ਬੰਦ !