ਪੰਨਾ:ਸੁਨਹਿਰੀ ਕਲੀਆਂ.pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੪੨ )

ਝੋਲੀ ਅੱਡਕੇ ਕਿਸੇ ਨੇ ਆਖਣਾ ਇਹ:-
'ਹੁਣ ਤਾਂ ਗੱਲ ਹੈ ਏਹੋ ਈ ਕਹਿਣ ਜੋਗੀ !
ਰੱਬਾ ! ਏਸ ਵਿਛੋੜੇ ਤੋਂ ਮੌਤ ਚੰਗੀ,
ਐਡੇ ਦੁੱਖ ਨਹੀਂ ਜਿੰਦੜੀ ਸਹਿਣ ਜੋਗੀ !'

ਵੇਖ, ਵੇਖਕੇ ਮੇਰੀਆਂ ਛੇਤੀਆਂ ਨੂੰ,
ਕਿਸੇ ਘੜੀ ਤੇ ਛੜੀ ਲੁਕਾ ਦੇਣੀ !
ਓਧਰ ਦਿਨ ਹੋਰਾਂ ਨ੍ਹਾ ਕੇ ਮੀਂਹ ਅੰਦਰ,
ਧੋਤੀ ਸ਼ਾਮ ਨਚੋੜ ਕੇ ਪਾ ਦੇਣੀ !
ਏਧਰ ਰੈਣ ਨੇ ਨਿੱਤਰੇ ਅੰਬਰਾਂ ਤੇ,
ਚੁਣਕੇ ਚੰਬੇ ਦੀ ਸੇਜ ਵਿਛਾ ਦੇਣੀ !
ਏਧਰ ਤੇਤਰੀ ਮੇਤਰੀ ਬੱਦਲੀ ਚੋਂ,
ਨਿਕਲ ਤਾਰਿਆਂ ਨੇ ਝਿਲਮਿਲ ਲਾ ਦੇਣੀ !

ਹਹੁਕੇ ਲੈਂਦਿਆਂ ਕਿਸੇ ਨੇ ਆਖਣਾ ਇਹ:-
'ਸਾਨੂੰ ਆਂਹਦੀ ਕੀ ਚੰਨ ਦੀ ਚਾਨਣੀ ਏਂ ?
ਓਹਲੇ-ਆਸਰੇ ਬੂਹੇ ਦੇ ਅਸਾਂ ਰੋਣਾ,
ਭਾਗਾਂ ਵਾਲਿਆਂ ਨੇ ਮੌਜ ਮਾਨਣੀ ਏਂ !'

ਕਰ ਕਰ ਜਸ਼ਨ-ਮਹਿਤਾਬੀ ਦੀ ਖ਼ੁਸ਼ੀ ਏਧਰ,
ਗੌਣਾ ਬੀਂਡਿਆਂ ਨੇ ਇੱਕੋ ਤਾਰ ਅੰਦਰ !
ਉੱਡ ਉੱਡਕੇ, ਓਧਰ ਟਟਹਿਣਿਆਂ ਨੇ,
ਬਾਲ ਦੇਣੀ ਦੀਵਾਲੀ ਸੰਸਾਰ ਅੰਦਰ !
ਅੱਖਾਂ ਸਾਮ੍ਹਣੇ ਰਿਸ਼ਮਾਂ ਨੇ ਇੰਜ ਫਿਰਨਾ,
ਚੂਨੇ ਗੱਚ ਪੁਰਾਣੇ ਪਸਾਰ ਅੰਦਰ !