ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/115

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੂੰ ਪੁੱਛਿਆ ਹੈ, ਗ਼ਜ਼ਲ ਲਿਖਾਂ ਮੈਂ, ਬਹੁਤਾ ਕਿਹੜੀ ਬਹਿਰ ਦੇ ਅੰਦਰ।
ਤੱਕੜੀ ਵੱਟੇ ਯਾਦ ਨਾ ਰਹਿੰਦੇ, ਮੈਨੂੰ ਮਨ ਦੀ ਲਹਿਰ ਦੇ ਅੰਦਰ।

ਪਿੰਡ ਅਜੇ ਵੀ ਪਿੱਛਾ ਕਰਦਾ, ਦਿਨ ਤੇ ਰਾਤ ਪਹਿਰ ਤੇ ਘੜੀਆਂ,
ਅੱਧੀ ਸਦੀ ਗੁਜ਼ਾਰੀ ਭਾਵੇਂ, ਮੈਂ ਲੁਧਿਆਣੇ ਸ਼ਹਿਰ ਦੇ ਅੰਦਰ।

ਬਹੁਤਾ ਮਿੱਠਾ ਬੋਲਣ ਵਾਲਿਆਂ ਕੋਲੋਂ, ਬੀਬਾ ਬਚ ਕੇ ਰਹਿਣਾ,
ਮੌਤ ਯਕੀਨੀ ਹੋ ਸਕਦੀ ਹੈ, ਏਨੇ ਮਿੱਠੇ ਜ਼ਹਿਰ ਦੇ ਅੰਦਰ।

ਨੀਤਾਂ 'ਚੋਂ ਬਦਨੀਅਤਾਂ ਪਰਖ਼ਣ, ਤੀਜੇ ਮੱਥੇ ਵਾਲੇ ਨੇਤਰ,
ਨੰਗੀ ਅੱਖ ਨੂੰ ਦਿਸਦੀ ਨਾ ਜੋ, ਖੋਟੀ ਰੂਹ ਦੀ ਗਹਿਰ ਦੇ ਅੰਦਰ।

ਚਾਰ ਚੁਫ਼ੇਰੇ ਵੀ ਹਾਂ ਤੱਕਦਾਂ, ਟਾਂਗੇ ਵਾਲਾ ਘੋੜਾ ਨਹੀਂ ਮੈਂ,
ਸ਼ਾਮ ਸਵੇਰੇ ਤੁਰਿਆ ਰਹਿੰਦਾਂ, ਮਨ ਦੀ ਸਿਖ਼ਰ ਦੁਪਹਿਰ ਦੇ ਅੰਦਰ।

ਪਾਣੀ ਮੰਗਣ ਜੋਗਾ ਵੀ ਨਾ, ਡੰਗਿਆ ਫਿਰਦਾਂ, ਹਾਲੇ ਤੱਕ ਵੀ,
ਖ਼ਵਰੇ ਕਿੰਨਾ ਕਹਿਰ ਪਿਆ ਸੀ, ਨੀਮ ਨਜ਼ਰ ਦੇ ਜ਼ਹਿਰ ਦੇ ਅੰਦਰ।

ਸ਼ਾਮ ਢਲੀ ਹੈ, ਹੁਣ ਨਾ ਆਵੀਂ, ਤੜਕਸਾਰ ਪਰਭਾਤੀ ਸੁਣ ਲਈਂ,
ਲੱਭ ਲਵੀਂ ਦਰਵੇਸ਼ ਦੀ ਰੂਹ 'ਚੋਂ ਮੈਨੂੰ ਅੰਤਿਮ ਪਹਿਰ ਦੇ ਅੰਦਰ।

115