ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/131

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤਿਤਲੀ ਦੇ ਖੰਭਾਂ ਤੇ ਲਿਖ ਕੇ, ਇਹ ਜੋ ਤੂੰ ਪੈਗਾਮ ਭੇਜਿਆ।
ਕਿੰਨਾ ਸੋਹਣਾ ਰੱਬਾ ਖ਼ੁਦ ਤੇ, ਸਿਰਨਾਵਾਂ ਲਿਖ ਨਾਮ ਭੇਜਿਆ।

ਸੁਰਖ਼ ਸਵੇਰ, ਦੁਪਹਿਰਾ ਖਿੜਿਆ, ਸੰਦਲੀ ਪੌਣ ਰੁਮਕਦੀ ਭੇਜੀ,
ਸੂਰਜ ਦਿੱਤਾ ਰੰਗ ਭਰਨ ਲਈ, ਕਿੰਨਾ ਕੁਝ ਬੇ-ਦਾਮ ਭੇਜਿਆ।

ਪਹਿਲਾਂ ਲੋਰੀ, ਸ਼ਬਦ ਨਿਰੰਤਰ, ਕਿੰਨੀ ਪੂੰਜੀ ਸੌਂਪੀ ਮੈਨੂੰ,
ਕਿੰਜ ਕਰਾਂ ਸ਼ੁਕਰਾਨਾ ਤੇਰਾ, ਜੋ ਜੋ ਤੂੰ ਈਨਾਮ ਭੇਜਿਆ।

ਦਰਦ-ਸਮੁੰਦਰ ਰਿੜਕਣ ਮਗਰੋਂ, ਗੀਤ, ਗ਼ਜ਼ਲ ਕਵਿਤਾਵਾਂ ਮੈਂ ਤਾਂ,
ਕੁਝ ਨਹੀਂ ਰੱਖਿਆ ਅਪਣੇ ਪੱਲੇ, ਤੇਰੀ ਤਰਫ਼ ਤਮਾਮ ਭੇਜਿਆ।

ਮਾਂ ਤਪ ਤੇਜ ਤਪੀਸ਼ਰ ਵਰਗੀ, ਕਦਮ ਕਦਮ ਤੇ ਸਹਿਜ ਨਿਰੰਤਰ,
ਵਾਹ ਓ ਦਾਤਾ, ਮੇਰੀ ਖ਼ਾਤਰ ਬਾਬਲ ਵੀ ਹਰਨਾਮ ਭੇਜਿਆ।

ਗੁਰੂ ਦਾ ਸ਼ਬਦ ਸਵਾਸ ਪਰੁੱਚਾ, ਦਮ ਦਮ ਵਿੱਚ ਮਹਿਸੂਸ ਕਰਾਂ ਮੈਂ,
ਰੂਹ ਦਾ ਅੱਥਰਾ ਘੋੜਾ ਵੀ ਤੂੰ ਦੇ ਕੇ ਨਾਲ ਲਗਾਮ ਭੇਜਿਆ।

ਦੂਰ ਦ੍ਰਿਸ਼ਟੀ ਵਾਲੇ ਨੇਤਰ, ਮੱਥੇ ਅੰਦਰ ਧਰਿਆ ਸੂਰਜ,
ਦਿਲ ਦਰਿਆ ਨੂੰ ਖੇੜੇ ਬਖਸ਼ੇ, ਕੈਸਾ ਨੂਰੀ ਜਾਮ ਭੇਜਿਆ।

131