ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/153

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਮਰ ਗੁਜ਼ਾਰੀ ਜਿੰਨ੍ਹਾਂ ਸਾਰੀ, ਵਤਨ ਮੇਰਾ ਬਰਬਾਦ ਕਰਦਿਆਂ।
ਸ਼ਰਮ ਕਿਉਂ ਨਹੀਂ ਮੰਨਦੇ ਨੇਤਾ, ਭਗਤ ਸਰਾਭੇ ਯਾਦ ਕਰਦਿਆਂ।

ਹੱਕ ਸੱਚ ਤੇ ਇਨਸਾਫ਼ ਦਾ ਨਕਸ਼ਾ, ਵਾਹਿਆ ਜਿਹੜਾ ਸੂਰਮਿਆਂ ਸੀ,
ਠੇਕੇਦਾਰਾਂ ਬਦਲ ਲਿਆ ਹੈ, ਬੇਗਮਪੁਰਾ ਆਬਾਦ ਕਰਦਿਆਂ।

ਆਪੇ ਹੀ ਬਣ ਬੈਠੇ ਬਾਪੂ, ਆਪੇ ਚਾਚੇ, ਹੋਰ ਬੜਾ ਕੁਝ,
ਕੁੜਮ ਕਬੀਲਾ ਜਾਣ ਵਧਾਈ, ਖ਼ੁਦ ਨੂੰ ਜ਼ਿੰਦਾਬਾਦ ਕਰਦਿਆਂ।

ਚਿੱਟਾ ਭਾਵੇਂ ਨੀਲਾ ਪੀਲਾ, ਜ਼ਹਿਰੀਲਾ ਹੈ ਵਿਸ਼ੀਅਰ ਲਾਣਾ,
ਸੂਹੇ ਖੂਨ 'ਚ ਰਲੀ ਸਫ਼ੈਦੀ, ਝਿਜਕਾਂ, ਮੁਰਦਾਬਾਦ ਕਰਦਿਆਂ।

ਪੱਥਰ ਚਿੱਤ ਭਗਵਾਨ, ਹਕੂਮਤ, ਨਹੀਂ ਗੌਲਦੇ ਅਰਜ਼ੀ ਪੱਤਰ,
ਉਮਰ ਗਵਾਈ ਫਿਰ ਵੀ ਆਪਾਂ, ਹੁਣ ਤੀਕਰ ਧੰਨਵਾਦ ਕਰਦਿਆਂ।

ਕੱਚੇ ਕੋਠੀਂ ਸੱਖਣੇ ਪੀਪੇ, ਬਿਨਾ ਇਲਾਜੋਂ ਖ਼ਾਲੀ ਖੀਸੇ,
ਮੁੱਕ ਚੱਲੇ ਨੇ ਅੱਥਰੂ, ਅੱਖੀਉਂ, ਰੋ ਰੋ ਕੇ ਫ਼ਰਿਆਦ ਕਰਦਿਆਂ।

ਕਵਿਤਾ, ਗ਼ਜ਼ਲਾਂ, ਗੀਤ, ਰੁਬਾਈਆਂ, ਲਿਖਦਾ ਹਾਂ ਮੈਂ ਲੋਕਾਂ ਭਾਣੇ,
ਮੈਂ ਤਾਂ ਕਲਮ ਘਸਾਈ ਸਾਰੀ ਪੀੜਾਂ ਦਾ ਅਨੁਵਾਦ ਕਰਦਿਆਂ।

153