ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/156

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਾਂ ਧਰਤੀ, ਜਣਨੀ, ਮਾਂ ਬੋਲੀ, ਜਿੱਸਰਾਂ ਆਪਾਂ ਭੁੱਲ ਚੱਲੇ ਆਂ।
ਕੱਲ੍ਹ ਦੀ ਛੱਡੋ, ਅੱਜ ਹੀ ਆਪਾਂ ਕੱਖਾਂ ਵਾਂਗਰ ਰੁਲ਼ ਚੱਲੇ ਆਂ।

ਸਿਰ ਸੀ ਭਾਰੀ ਜ਼ੁੰਮੇਵਾਰੀ, ਖਿਸਕਦਿਆਂ ਗੰਢ ਖਿਸਕੀ ਐਸੀ,
ਵਿੱਚ ਦਰਿਆ ਦੇ, ਤੂੜੀ ਦੀ ਪੰਡ ਵਾਂਗ ਭਰਾਓ ਖੁੱਲ੍ਹ ਚੱਲੇ ਆਂ।

ਅੱਠ ਸਦੀਆਂ ਤੋਂ ਪਹਿਲਾਂ ਬਾਬੇ ਕਾਲੇ ਲੇਖ ਨਾ ਲਿਖ ਸਮਝਾਇਆ,
ਨੀਂਦ ਪਿਆਰੀ, ਅਰਥ ਗੁਆਚੇ, ਅਸਲ ਸੁਨੇਹਾ ਭੁੱਲ ਚੱਲੇ ਆਂ।

ਸਾਡੇ ਨਾਲੋਂ ਸ਼ਾਹੀ ਮੂਰਖ਼, ਧਰਤੀ ਤੇ ਨਹੀਂ ਲੱਭਿਆਂ, ਮਿਲਣਾ,
ਮਹਿੰਗੇ ਮੁੱਲ ਦੀ ਸਿੱਖਿਆ ਬਦਲੇ, ਅੱਥਰੂ ਬਣ ਕੇ ਡੁੱਲ੍ਹ ਚੱਲੇ ਆਂ।

ਪਹਿਲਾਂ ਕਣੀਆਂ, ਫੇਰ ਹਨ੍ਹੇਰੀ, ਜੜ੍ਹਾਂ ਪੋਲੀਆਂ ਹਿੱਲ ਗਈਆਂ ਨੇ,
ਝਾੜ ਭਲਾ ਕੀ ਮਿਲਣਾ ਸਾਨੂੰ, ਕਣਕ ਦੇ ਵਾਂਗੂੰ ਹੁੱਲ ਚੱਲੇ ਆਂ।

ਸਾਥੋਂ ਪਹਿਲਿਆਂ ਸਾਨੂੰ ਦੱਸਿਆ ਸੱਚ ਦਾ ਮਾਰਗ ਧਰਮ ਦੀ ਪੌੜੀ,
ਕੂੜ ਕੁਫ਼ਰ ਦਾ ਵਣਜ ਕਰਦਿਆਂ, ਦੀਵੇ ਕਰਕੇ ਗੁੱਲ ਚੱਲੇ ਆਂ।

ਸਰਮਾਏ ਦੀਆਂ ਚੜ੍ਹੀਆਂ ਕਾਂਗਾਂ, ਸ਼ਰਮ ਧਰਮ ਸਭ ਬਣੇ ਵਿਕਾਊ,
ਮਿੱਟੀ ਦੇ ਬੁੱਕ ਪਿੱਛੇ ਆਪਾਂ, ਕਿਸ ਤੱਕੜੀ ਵਿੱਚ ਤੁੱਲ ਚੱਲੇ ਆਂ।

156