ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/16

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਹ ਤੂੰ ਕਿੱਧਰ ਤੁਰਿਆ ਫਿਰਦੈਂ, ਹਰ ਰਿਸ਼ਤੇ ਦਾ ਨਾਂ ਨਹੀਂ ਹੁੰਦਾ ।
ਕੀ ਦੱਸਾਂ ਸਿਰਨਾਵਾਂ ਤੈਨੂੰ, ਮਹਿਕ ਦਾ ਕੋਈ ਗਰਾਂ ਨਹੀਂ ਹੁੰਦਾ ।

ਜਿਸ ਦੀ ਆਸ ਤੇ ਹੁੱਬਿਆ ਫਿਰਦੈਂ, ਇਹ ਵੀ ਬੱਦਲ ਛਟ ਜਾਣਾ ਹੈ,
ਮਾਣ ਮਰਤਬੇ, ਉੱਚੀ ਕੁਰਸੀ, ਪਰਛਾਵਾਂ ਹੈ, ਛਾਂ ਨਹੀਂ ਹੁੰਦਾ ।

ਤੂੰ ਦਰਬਾਨ ਬਿਠਾ ਦਿੱਤੇ ਨੇ, ਪੈਰ ਪੈਰ ਤੇ ਚੌਂਕ ਚੁਰਸਤੀਂ,
ਤੇਰੇ ਦਿਲ ਦੇ ਨੇੜੇ ਤੇੜੇ, ਏਸੇ ਲਈ ਮੈਂ ਤਾਂ ਨਹੀਂ ਹੁੰਦਾ ।

ਏਸ ਤਰ੍ਹਾਂ ਪਰਿਕਰਮਾ ਕਰਦੇ, ਤੁਰਦਾ ਵੀ ਹੈਂ, ਥੱਕਦਾ ਵੀ ਹੈਂ,
ਲਿਖਣ ਵਾਲਿਆ, ਪੜ੍ਹਨ ਵਾਲਿਆ, ਤਾਂ ਹੀ ਸਫ਼ਰ ਅਗਾਂਹ ਨਹੀਂ ਹੁੰਦਾ ।

ਮਾਂ ਤੋਂ ਵਤਨ ਪਿਆਰਾ ਸਾਨੂੰ, ਕਾਫ਼ੀ ਵੱਧ ਹੈ ਤੇਰੇ ਨਾਲੋਂ,
ਜਿੱਦਾਂ ਤੂੰ ਅਖਵਾਏਂ ਜਬਰੀ, ਇਹ ਤਾਂ ਰਿਸ਼ਤਾ ਮਾਂ ਨਹੀਂ ਹੁੰਦਾ ।

ਆਜ਼ਾਦੀ ਦਾ ਪਰਚਮ ਸੁੱਚਾ, ਚੰਨ ਸੂਰਜ ਤੋਂ ਕਿਤੇ ਉਚੇਰਾ,
ਸਾਡੀ ਬੌਣੀ ਹਸਤੀ ਕੋਲੋਂ, ਇੱਕ ਵੀ ਇੰਚ ਉਤਾਂਹ ਨਹੀਂ ਹੁੰਦਾ ।

ਮੇਰੀ ਚੁੱਪ ਦੀ ਅਸਲ ਇਬਾਰਤ, ਪੜ੍ਹਨੀ ਸਿੱਖ ਲੈ ਇੱਕੋ ਵਾਰੀ,
ਜੇ ਨਾ ਬੋਲਾਂ ਸਮਝ ਲਿਆ ਕਰ, ਲਫ਼ਜ਼ ਦੇ ਕੋਲ ਸਮਾਂ ਨਹੀਂ ਹੁੰਦਾ ।

16