ਪੰਨਾ:ਸੂਫ਼ੀ-ਖ਼ਾਨਾ.pdf/113

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਗ਼ਾ ਸਾਹਿਬ*[1]


[ਲਾਹੌਰ ਦੇ ਪ੍ਰਸਿੱਧ ਉਸਤਾਦ "ਆਗ਼ਾ" ਦੇ ਦੇਹਾਂਤ ਸਮੇਂ ਲਿਖੀ ਗਈ ਸੀ]

ਸਾਡੇ ਸੱਜਣਾ! ਰੁੱਠ ਕੇ ਉੱਠ ਤੁਰਿਓਂ,
ਸਾਡੀ ਦੋਸਤੀ ਦਿਲ ਤੋਂ ਭੁਲਾ ਦਿੱਤੀ,
ਤੂੰ ਸ਼ਿੰਗਾਰ ਸੈਂ ਸਾਡੀਆਂ ਮਹਿਫ਼ਲਾਂ ਦਾ,
ਵਿੱਚੋਂ ਚਾਨਣੀ ਸ਼ਮਾ ਬੁਝਾ ਦਿੱਤੀ,
ਤੇਰੀ ਸ਼ਾਨ ਚਮਕਾਇਆ ਸ਼ਾਇਰੀ ਨੂੰ,
ਪਾ ਕੇ ਜਾਨ ਅਸਮਾਨ ਚੜ੍ਹਾ ਦਿੱਤੀ।
ਲਾਹ ਜੰਜਾਲ ਤੇ ਛੱਡ ਧੰਦਾਲ ਸਾਰੇ,
ਜਾ ਨਵੇਕਲੀ ਝੌਂਪੜੀ ਪਾ ਦਿੱਤੀ।
ਬਗ਼ਲੀ ਪਾ ਤੁਰਿਓਂ ਛੱਡ ਯਾਰ ਬੇਲੀ,
ਬਗ਼ਲੀ ਵਿਚ ਹੁਣ ਧੂਣੀ ਰੁਮਾ ਦਿੱਤੀ।
ਰੁੱਝੋਂ ਸੈਰ ਬਹਿਸ਼ਤਾਂ ਦੀ ਖੋਲ੍ਹ ਤਾਕੀ,
ਫ਼ਾਨੀ ਜੱਗ ਦੀ ਝਾਕ ਹਟਾ ਦਿੱਤੀ,
ਕਤਰੇ ਬਹਿਰ ਦਾ ਪਾਇਆ ਵਿਸਾਲ ਜਾ ਕੇ,
ਅਪਣੀ ਬੁਲਬੁਲੇ ਹਸਤੀ ਮਿਟਾ ਦਿੱਤੀ,
ਹੋ ਫ਼ਨਾਹ ਜ਼ੱਰਾ ਆਫਤਾਬ ਬਣਿਆ,
ਆਉਣ ਜਾਣ ਦੀ ਤਾਂਘ ਮੁਕਾ ਦਿੱਤੀ।
ਤੇਰੀ ਮੌਤ ਨੇ ਦਿੱਤੀਆਂ ਖੋਲ੍ਹ ਅੱਖਾਂ,
ਮੌਤ ਸਾਨੂੰ ਭੀ ਯਾਦ ਕਰਵਾ ਦਿੱਤੀ।
ਜਿਹੜੀ ਸ਼ਾਂਨਤੀ ਢੂੰਡਦੇ ਹੋਏ ਬੱਗੇ,
ਤੂੰ ਅਮਾਨਤੀ ਰਮਜ਼ ਸਮਝਾ ਦਿੱਤੀ।


-੧੦੭-

  1. *ਲਾਹੌਰ ਵਿਚ ਜਿਸ ਵੇਲੇ ਉਰਦੂ ਵਾਲਿਆਂ ਨੇ ਪੰਜਾਬੀ ਦਾ ਬਾਈਕਾਟ ਕਰ ਦਿੱਤਾ ਸੀ, ਆਗ਼ਾ ਉਸਤਾਦ ਨੇ ਦਲੇਰੀ ਨਾਲ ਆਪਣੇ ਸਕੂਲ ਨੂੰ ਜਾਰੀ ਰਖਿਆ।