ਪੰਨਾ:ਸੂਫ਼ੀ-ਖ਼ਾਨਾ.pdf/84

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਸ਼ਮੀਰ


(੧)

ਚਲ ਮਨ ਅਰਸ਼-ਉਡਾਰੀ ਭਰ ਕੇ, ਕਾਸ਼ਮੀਰ ਦੇ ਰਾਹੇ ਪੈ ਜਾ,
ਭਾਰਤ ਦੇ ਨੈਣਾਂ ਦੇ ਤਾਰੇ, ਧਰਤੀ ਦੇ ਬਹਿਸ਼ਤ ਵਿਚ ਲੈ ਜਾ।

ਕੁਦਰਤ ਦੀ ਗੋਦੀ ਵਿਚ ਪਲਿਆ, ਫਲਾਂ ਮੇਵਿਆਂ ਦਾ ਭੰਡਾਰਾ,
ਇੰਦਰ ਰਾਜੇ ਉਤਰ ਅਗਾਸੋਂ, ਲਾਇਆ ਜਿਸ ਥਾਂ ਆਣ ਅਖਾੜਾ।

ਚੱਪਾ ਚੱਪਾ ਜਿਸ ਧਰਤੀ ਦਾ, ਯਾ ਸਬਜ਼ਾ ਯਾ ਬਾਗ਼ ਬਹਾਰਾਂ,
ਡਲ, ਝੀਲਾਂ, ਨਦੀਆਂ ਤੇ ਨਾਲੇ, ਚਸ਼ਮੇ ਸੋਮੇ ਤੇ ਅਬਸ਼ਾਰਾਂ।

ਥਾਂ ਥਾਂ ਸ਼ਾਹੀ ਬਾਗ਼ਾਂ ਦੇ ਵਿਚ, ਉਛਲ ਉਛਲ ਕੇ ਵਹਿਣ ਫੁਹਾਰੇ,
ਨੀਲਮ, ਲਾਲ, ਜ਼ਮੁੱਰਦ, ਹੀਰੇ, ਮਾਰਨ ਸਤਰੰਗੇ ਝਲਕਾਰੇ।

ਬਰਫ਼ਾਂ ਢੱਕੇ ਪਰਬਤ-ਟਿੱਲੇ, ਸੀਤਲ ਨੀਰ ਵਹਾਈ ਜਾਂਦੇ,
ਝਰ ਝਰ ਝਰਨ ਨਿਵਾਣਾਂ ਦੇ ਵਲ, ਰਾਗ ਰਸੀਲਾ ਗਾਈ ਜਾਂਦੇ।

ਜਿਧਰ ਜਿਧਰ ਬਰਫ਼ਾਨੀ ਨਾਲੇ, ਵਲ ਖਾ ਖਾ ਕੇ ਵਹਿੰਦੇ ਜਾਵਣ,
ਧੂੰਏਂ ਵਾਂਗ ਤੁਖਾਰ ਸੰਭਾਲੀ, ਥੱਲੇ ਥੱਲੇ ਲਹਿੰਦੇ ਜਾਵਣ।

ਵੈਰੀ ਨਾਗੋਂ ਤੁਰੀ ਵਿਦਸਥਾ[1] ਸਿਰੀ ਨਗਰ ਰਾਹ ਵੁੱਲਰ ਆਈ,
ਓਥੋਂ ਨਿਕਲ, ਤੁਰੀ ਜਿਹਲਮ[2] ਨੂੰ, ਛੋੜ ਪੰਜਾਬ ਸਮੁੰਦ ਸਮਾਈ।

ਨੂਰਜਹਾਂ ਤੇ ਤਾਜ ਮਹਲ ਲਈ, ਤੁਹਫੇ ਮੁਗ਼ਲ ਸ਼ਹਾਂ ਬਣਵਾਏ,
ਕੁਝ ਢਹਿ ਗਏ, ਕੁਝ ਹਾਲੀ ਵੱਸਣ, ਦੁਨੀਆਂ ਓਨ੍ਹਾਂ ਤੋਂ ਸੁਖ ਪਾਏ।


-੭੮-

  1. *ਜਿਹਲਮ ਦਰਿਆ।
  2. ਜਿਹਲਮ ਸ਼ਹਿਰ।