ਪੰਨਾ:ਸੰਤ ਗਾਥਾ.pdf/39

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਹ ਭਲਾ ਤੇ ਨੇਕ ਬੰਦਾ ਬਣ ਗਿਆ।

੧੪. ਸਾਧ ਸੰਗਤ ਦੀ ਸੇਵਾ ਤੀਰਥ ਯਾਤ੍ਰਾ ਤੋਂ ਉੱਤਮ ਹੈ-

ਇਕੇਰਾਂ ਪੰਜ ਸੌ ਰੁਪੱਯਾ ਕਿਸੇ ਨੇ ਅਗੇ ਆਣ ਰਖਿਆ ਕਿ ਆਪ ਤੀਰਥ ਯਾਤ੍ਰਾ ਕਰੋ। ਭਾਈ ਸਾਹਿਬ ਜੀ ਨੇ ਕਿਹਾ, ‘ਸਾਡੀ ਤੀਰਥ ਯਾਤ੍ਰਾ ਡੇਰੇ ਦੇ ਆਏ ਗਏ ਦੀ ਸੇਵਾ ਹੈ, ਯਾ ਸਤਿਗੁਰੂ ਰਾਮਦਾਸ ਸਾਹਿਬ ਜੀ ਦਾ ਦਰਬਾਰ ਸ੍ਰੀ ਅੰਮ੍ਰਿਤਸਰ ਹੈ, ਹੋਰ ਅਸਾਂ ਕਿਧਰ ਜਾਣਾ ਹੈ, ਸਾਡਾ ਆਵਣ ਜਾਣ ਮੁੱਕ ਚੁਕਾ ਹੈ। ‘ਤੀਰਥਿ ਨਾਵਣ ਜਾਉ ਤੀਰਥ ਨਾਮੁ ਹੈ'। ਹਾਂ, ਤੀਰਥ ਰਾਜ ਹਰੀਮੰਦਰ ਹੈ ਜਿਥੇ ਸਾਈਂ ਦਾ ਅਖੰਡ ਕੀਰਤਨ ਅੱਠੇ ਪਹਿਰ ਹੁੰਦਾ ਹੈ ਤੇ ਜਿਸ ਦੀ ਮਹਿੰਮਾ ਸ੍ਰੀ ਗੁਰੂ ਬਾਣੀ ਵਿਚ ਲਿਖੀ ਹੈ'। ਪਰ ਉਹ ਕਹਿਣ ਲੱਗਾ ‘ਜ਼ਰੂਰ ਕ੍ਰਿਪਾ ਕਰੋ, ਜ਼ਰੂਰ ਜਾਓ, ਜ਼ਰੂਰ ਜਾਓ’। ਸ੍ਰੀ ਭਾਈ ਸਾਹਿਬ ਜੀ ਨੇ ਤਾਂ ਕਿਵੇਂ ਬੀ ਨਾ ਮੰਨਿਆ, ਪਰ ਇਕ ਸਾਧ ਭਾਈ ਜਵਾਹਰ ਜੀ ਨੇ ਕਿਹਾ ਕਿ ਮਹਾਰਾਜ ਮੈਨੂੰ ਘਲੋ, ਮੈਂ ਜਾਂਦਾ ਹਾਂ। ਭਾਈ ਸਾਹਿਬ ਜੀ ਨੇ ਉਸ ਨੂੰ ਕਿਹਾ ਕਿ "ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ॥ ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ। ਸਾਡੇ ਸਤਿਗੁਰੂ ਜੀ ਦੇ ਘਰ ‘ਨਾਮ’ ਤੀਰਥ ਹੈ, ਇਸ ਤੀਰਥ ਵਿਚ ਬੈਠਕੇ ਜੋ ਜੀਅ ਦਇਆ ਕਰਨੀ ਹੈ, ਸੋ ਗੁਰਮਤ ਦੱਸਦੀ ਹੈ ਕਿ ਤੀਰਥਾਂ ਪਰ ਕੀਤੇ ਦਾਨਾਂ ਤੋਂ ਸ੍ਰੇਸ਼ਟ ਹੈ! ਤੀਰਥ ‘ਨਾਮ’ ਹੈ, ਜੀਅ ਦਇਆ ‘ਦਾਨ’ ਹੈ"। ਪਰ ਸਾਧ ਨੇ ਹਠ ਕੀਤਾ। ਸੰਤਾਂ ਨੇ ਸੌ ਰੁਪਯਾ ਉਸ ਨੂੰ ਦੇ ਕੇ ਕਿਹਾ ‘ਅੱਛਾ ਭਾਈ ਜਾਹ ਦੇਖ ਲੈ ਕਿੰਨਾ ਕੁ ਫਲ ਤੀਰਥਾਂ ਤੇ ਹੋਵਣ ਦਾ ਮਿਲਦਾ ਹੈ, ਪਰ ਇਕ ਚੇਤਾ ਰਖੀਂ ਗੁਰਧਾਮਾਂ ਤੇ ਜਾਵੇਂ ਤਾਂ ਚਰਨ ਧੂੜਿ ਲਈ ਆਵੀਂ’! ੧੦੦) ਉਹ ਲੈ ਗਿਆ ਤੇ ਬਾਕੀ ਰੁਪਯਾ ਸੰਤਾਂ ਨੇ ਕਿਤੇ ਲੋੜ ਦੀ ਥਾਂ ਖ਼ੂਹੀ ਧਰਮਸਾਲਾ ਆਦਿਕ ਤੇ ਖਰਚ ਕਰ ਦਿਤਾ। ਸਾਧੂ ਤੀਰਥਾਂ ਤੇ ਫਿਰਦਾ ਫਿਰਾਂਦਾ ਵਾਪਸ ਸ਼ਾਹ ਪੁਰ ਆ ਗਿਆ, ਪਰ ਚਰਨ ਧੂੜਿ ਲਿਆਵਣੀ ਭੁੱਲ ਗਿਆ। ਜਿਸ ਵੇਲੇ ਵਾਪਸ ਸ਼ਹਿਰੋਂ ਬਾਹਰ ਪੁੱਜਾ ਤਾਂ

-੩੬-