ਪੰਨਾ:ਸੰਤ ਗਾਥਾ.pdf/87

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੇਵਕਾਂ ਨੇ ਨਾਈ ਸੱਦਿਆ। ਨਾਈ ਨੂੰ ਵੇਖ ਕੇ ਭਾਈ ਸਾਹਿਬ ਨੇ ਪੁੱਛਿਆ ਕਿ ਇਹ ਕਿਉਂ ਆਇਆ ਹੈ? ਸੇਵਾਦਾਰ ਨੇ ਕਿਹਾ ਕਿ ਆਪ ਦੇ ਫੋੜੇ ਨੂੰ ਚੀਰਾ ਦੇਣਾ ਹੈ। ਭਾਈ ਸਾਹਿਬ ਨੇ ਪੁੱਛਿਆ ਕਿ ਚੀਰਾ ਦੇਣ ਦੀ ਕੀ ਲੋੜ ਹੈ? ਸੇਵਾਦਾਰਾਂ ਬਿਨੈ ਕੀਤੀ ਕਿ ਇਸ ਵਿਹੁਲੇ ਫੋੜੇ ਦੇ ਨਿਕਲਦਿਆਂ ਹੀ ਜੇ ਇਹਦੀ ਚੀਰ ਫਾੜ ਹੋ ਜਾਵੇ ਤਾਂ ਹੋ ਜਾਏ, ਨਹੀਂ ਤਾਂ ਇਹਦਾ ਜ਼ਹਿਰ ਤੇ ਜੜ੍ਹਾਂ ਬੜੀ ਛੇਤੀ ਖਿੱਲਰਕੇ ਮੌਤ ਦਾ ਕਾਰਨ ਬਣਦੀਆਂ ਹਨ; ਇਹ ਫੋੜਾ ਡਾਢਾ ਖ਼ਤਰਨਾਕ ਹੈ, ਇਹ ਦਾ ਚੀਰਾ ਛੇਤੀ ਹੋਣਾ ਚਾਹੀਦਾ ਹੈ। ਆਪ ਮੁਸਕਰਾ ਪਏ ਤੇ ਕਹਿਣ ਲਗੇ ਕਿਉਂ ਬਈ ਜਰਾਹ! ਤੇਰੇ ਪਾਸ ਕੋਈ ਮੌਤ ਦੀ ਦਵਾਈ ਹੈ? ਉਸ ਨੇ ਕਿਹਾ ਨਹੀਂ ਜੀ, ਤਦ ਭਾਈ ਸਾਹਿਬ ਨੇ ਡੇਰੇ ਦੇ ਸੇਵਕਾਂ ਨੂੰ ਕਿਹਾ ਕਿ ਹੁਣ ਸਾਡੇ ਦਿਨ ਪੁੱਗ ਗਏ ਹਨ, ਚੀਰ ਫਾੜ ਦੀ ਕੀ ਲੋੜ ਹੈ? ਸਿੱਖਾਂ ਨੇ ਕਿਹਾ—ਨਹੀਂ ਜੀ, ਇਲਾਜ ਤਾਂ ਜ਼ਰੂਰ ਕਰਨਾ ਚਾਹੀਦਾ ਹੈ। ਸੰਤਾਂ ਕਿਹਾ: ਹੱਛਾ, ਜਿਵੇਂ ਭਾਵੇ ਕਰ ਲਓ। ਨਾਈ ਨੇ ਕਿਹਾ, ਅੱਠ ਆਦਮੀ ਹੋਣੇ ਚਾਹੀਦੇ ਹਨ, ਜੋ ਇਹਨਾਂ ਨੂੰ ਫੜਕੇ ਲਿਟਾਈ ਰੱਖਣ, ਹਿੱਲਣ ਨਾਲ ਨੁਕਸਾਨ ਦਾ ਡਰ ਹੈ। ਭਾਈ ਸਾਹਿਬ ਸਫ ਤੇ ਲੇਟ ਗਏ ਤੇ ਕਹਿਣ ਲਗੇ ਲੈ ਜਿਵੇਂ ਤੇਰੀ ਪ੍ਰਸੰਨਤਾ ਹੈ ਕਰ ਲੈ। ਨਾਈ ਨੇ ਫੋੜਾ ਚੀਰਿਆ, ਵਿਚੋਂ ਬੜਾ ਗੰਦ ਮੰਦ ਨਿਕਲਿਆ, ਜ਼ਖ਼ਮ ਕਈ ਇੰਚ ਡੂੰਘਾ ਤੇ ਲੰਮਾਂ ਚੌੜਾ ਸੀ, ਪਰ ਭਾਈ ਸਾਹਿਬ ਪੱਥਰ ਦੇ ਬੁੱਤ ਵਾਂਗ ਚੁਪ ਚਾਪ ਪਏ ਰਹੇ, ਮੂੰਹ ਵਿਚੋਂ ਸੀ ਤੱਕ ਨਹੀਂ ਕੱਢੀ, ਵਾਹਿਗੁਰੂ ਸ਼ਬਦ ਦਾ ਜਾਪ ਜਾਰੀ ਸੀ। ਨਾਈ ਦੇਖਕੇ ਦੰਗ ਰਹਿ ਗਿਆ ਤੇ ਕਹਿਣ ਲੱਗਾ ਕਿ ਮੈਂ ਹਜ਼ਾਰਾਂ ਆਦਮੀਆਂ ਦੇ ਫੋੜੇ ਚੀਰੇ ਹਨ, ਪਰ ਅਜਿਹਾ ਹੌਂਸਲੇ ਵਾਲਾ ਮੈਂ ਕੋਈ ਨਹੀਂ ਡਿੱਠਾ। ਭਾਈ ਸਾਹਿਬ ਦੇ ਦੁਖ ਸੁਖ ਨੂੰ ਇਕ ਜਾਨਣ ਤੇ ਭਾਣਾ ਮੰਨਣ ਦੀ ਇਹ ਅਮਲੀ ਕਮਾਈ ਦੇਖਕੇ ਦੂਰ ਨੇੜੇ ਧੰਨ ਧੰਨ ਹੋਈ।

੨੧. ਚਲਾਣਾ-

ਆਪ ਦੀ ਪਿੱਠ ਦੇ ਫੋੜੇ ਨੂੰ ਚੀਰਾ ਦੇਣ ਵਾਸਤੇ ਜਦ ਨਾਈ ਆਂਦਾ

-੮੪-