"ਨਹੀਂ, ਉਹਨਾਂ ਲਈ ਤਾਂ ਆਪ ਹੀ ਸਭ ਕੁਝ ਹੋ। ਇਹ ਆਖਦੀ ਹੋਈ ਉਹ ਨਿਰਮਲ ਦੇ ਪੈਰਾਂ ਤੇ ਡਿੱਗ ਪਈ, "ਖਿਮਾਂ ਕਰ ਦਿਉ ਖਿਮਾਂ, ਕੁਝ ਸਾਡੇ ਤੇ ਤਰਸ ਕਰੋ।' ਉਹ ਆਖ ਰਹੀ ਸੀ।
ਨਿਰਮਲ ਨੇ ਪੈਰਾਂ ਨੂੰ ਇਧਰ ਉਧਰ ਹਿਲਾਣ ਜਾਂ ਖਿਸਕਾਣ ਦਾ ਜਤਨ ਕੀਤਾ, ਪਰ ਸਫਲ ਨਾ ਹੋ ਸਕਿਆ। ਉਹ ਹੇਠਾਂ ਝੁਕਿਆ ਤੇ ਕੁੜੀ ਨੂੰ ਦੋਹਾਂ ਹੱਥਾਂ ਨਾਲ ਮੋਢਿਆਂ ਤੋਂ ਫੜ੍ਹ ਕੇ ਉਤਾਂਹ ਉਠਾਇਆ। ਕੁੜੀ ਨੇ ਉਸ ਵਲ ਤਕਿਆ, ਉਸ ਨੇ ਕੁੜੀ ਵਲ। ਕੁੜੀ ਦੇ ਸਿਰ ਤੋਂ ਸਾਹੜੀ ਦਾ ਪਲਾ ਹੇਠਾਂ ਸਰਕ ਚੁਕਾ ਸੀ। ਨਿਰਮਲ ਝਾਕ ਰਿਹਾ ਸੀ, ਉਸ ਦੇ ਚਿਹਰੇ ਵਲ ਉਸ ਦੇ ਦਿਲ ਨੇ ਆਖਿਆ, "ਇਹ ਸੋਹਣੀ ਹੈ। ਨਿਰਮਲ ਨੇ ਉਸ ਦੇ ਸੋਹਣੇ ਤੇ ਸਡੌਲ ਅੰਗਾਂ ਵਲ ਵੇਖਿਆ। ਕੁੜੀ ਉਸ ਵਲ ਵੇਖਦੀ ਹੋਈ ਤੇ ਕਮਰੇ ਦੀ ਚੁੱਪ ਨੂੰ ਤੋੜਦੀ ਬਲੀ, ਖਿਮਾਂ ਕਰ ਦਿਉ, ਮੇਰੇ ਪਿਤਾ ਨੂੰ! ਕੁੜੀ ਦੇ ਲਫਜ਼ ਰਾਤ ਦੀ ਚੁੱਪ ਨੂੰ ਤੋੜਦੇ ਹੋਏ ਕਮਰੇ ਦੀ ਚਾਰ ਦੀਵਾਰੀ ਵਿਚ ਗੁੰਜੇ। ਨਿਰਮਲ ਵੇਖ ਰਿਹਾ ਸੀ ਉਸ ਦੀਆਂ ਗੋਲ ਗੋਲ ਬਾਹਾਂ ਨੂੰ ਜਿਨ੍ਹਾਂ ਨੂੰ ਫੜ ਕੇ ਉਸ ਨੇ ਉਸ ਨੂੰ ਉਤਾਂਹ ਉਠਾਇਆ ਸੀ। ਕੁੜੀ ਉਸ ਵਲ ਵੇਖ ਰਹੀ ਸੀ, ਤੇ ਉਹ ਕੁੜੀ ਵਲ। ਇਕ ਦੂਜੇ ਦੇ ਨੈਣਾਂ ਵਲ ਝਾਕ ਰਹੇ ਸਨ ਉਹ। ਦੋਵੇਂ ਇਕ ਦੂਜੇ ਦੀ ਤਕਨੀ ਤੋਂ ਜਾਣੂ ਸਨ......ਜਾਣੂ......!
ਬਾਹਰ ਦੁੂਰ ਕੁੱਤਿਆਂ ਦੇ ਭੌਕਣ ਦੀ ਤੇ ਚੌਕੀਦਾਰਾਂ ਦੇ ਹਾ, ਹੋ ਆਵਾਜ਼ਾਂ ਆ ਰਹੀਆਂ ਸਨ। ਸੀਤਲ ਤੇ ਮਿੱਠੀ ਪੌਣ ਰੁਮਕ ਰਹੀ ਸੀ। ਪੂਰੇ ਚੰਨ ਦੀ ਚਾਨਣੀ ਵਿਚ ਰਾਤ ਦੀ ਰਾਣੀ ਤੇ ਹੋਰ ਫੁਲਾਂ ਦੀ ਸੁਗੰਧੀ ਪੌਣ ਤੇ ਚੜ੍ਹ ਕੇ ਬਾਂਗੇ ਰਾਹੀਂ ਅੰਦਰ ਆ ਰਹੀ ਸੀ। ਬਾਰਾਂ ਵਜ ਚੁਕੇ ਸਨ। ਅੰਦਰ ਘੜੀ ਦੀ ਟਿਕ ਟਿਕ ਦੇ ਨਾਲ ਦੋ ਦਿਲਾਂ ਦੀ ਧੱਕ ਧੱਕ ਜਾਰੀ ਸੀ।
੧੨੮