ਪੰਨਾ:ਹੀਰ ਵਾਰਸਸ਼ਾਹ.pdf/131

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੧)

ਦਿਨ ਰਾਤ ਕਰਾਰ ਅਰਾਮ ਨਾਹੀਂ ਉਦ੍ਹੇ ਇਸ਼ਕ ਦੀ ਅੱਗ ਨੇ ਲੁੱਠੀਆਂ ਮੈਂ
ਹੱਥ ਝੰਮਣੀ ਪਕੜ ਕੇ ਇਸ਼ਕ ਜ਼ਾਲਮ ਫੰਡੀ ਵਾਂਗ ਕਪਾਹ ਦੇ ਪੁੱਠੀਆਂ ਮੈਂ
ਹਿਜ਼ਰ ਵੇਲਣੇ ਟੀਂਡਿਆਂ ਵਾਂਗ ਵੇਲੀ ਲੱਠੀ ਦਰਦ ਦੇ ਚਾਕੇ ਬੁੱਥੀਆਂ ਮੈਂ
ਤ੍ਰਿੰਝਣ ਜੋੜ ਦਲੀਲਾਂ ਦਾ ਦੁੱਖ ਛੋਪੇ ਆਹੀਂ ਵੱਟਕੇ ਪੂਣੀਆਂ ਛੁੱਥੀਆਂ ਮੈਂ
ਕੋਈ ਦਿੱਸਦਾ ਨਹੀਂ ਸੰਦੇਹ ਵਾਲਾ ਰਾਂਝੇ ਬਾਝ ਰਹੀ ਟੂਟੀਆਂ ਖੁੱਥੀਆਂ ਮੈਂ
ਚੋਰ ਪੈਣ ਰਾਤੀਂ ਘਰ ਸੁੱਤਿਆਂ ਦੇ ਦੇਖੋ ਦਿਨੋਂ ਬਾਜ਼ਾਰ ਵਿਚ ਮੁੱਠੀਆਂ ਮੈਂ
ਜੋਗੀ ਹੋਇਕੇ ਆਇ ਜੇ ਮਿਲੇ ਮੈਨੂੰ ਕਿਸੇ ਅੰਬਰੋਂ ਕਹਿਰ ਦੇ ਤ੍ਰ੍ੱਠੀਆਂ ਮੈਂ
ਨਹੀਂ ਛੱਡ ਘਰ ਬਾਰ ਉਜਾੜ ਵੈਸਾਂ ਨਹੀਂ ਵੱਸਣਾ ਤੇ ਨਹੀਂ ਵੁੱਠੀਆਂ ਮੈਂ
ਵਾਰਸਸ਼ਾਹ ਮੀਆਂ ਪ੍ਰੇਮ ਚਿੱਠੀਆਂ ਨੇ ਮਾਰ ਫੱਟੀਆਂ ਚਿੱਠੀਆਂ ਕੁੱਠੀਆਂ ਮੈਂ

ਤਥਾ

ਆਖੀ ਰਾਂਝਣੇ ਨੂੰ ਕਦੀ ਆਇ ਮਿਲੇ ਉਦ੍ਹੇ ਦਰਸ ਦੀਦਾਰ ਦੀ ਭੁੱਖੀਆਂ ਮੈਂ
ਰੋਜ਼ਿ ਹਸਨ ਹੁਸੈਨ ਸ਼ਹੀਦ ਗਾਜ਼ੀ ਭੋਲੇ ਪੀਰ ਦੀ ਸੁਖਣਾਂ ਸੁੱਖੀਆਂ ਮੈਂ
ਭਸ ਪਾਨੀਆਂ ਖੇੜਿਆਂ ਕੂਫਿਆਂ ਨੂੰ ਸਿਰ ਸੈਦੜੇ ਦੇ ਥੁੱਕਾਂ ਥੁੱਕੀਆਂ ਮੈਂ
ਵਾਰਸ ਬਾਝ ਹੋਵੇ ਦਰਦਖ਼ਾਹ ਕਿਹੜਾ ਅੱਗ ਦੁਸ਼ਮਣਾਂ ਜ਼ਾਲਮਾਂ ਫੁੱਕੀਆਂ ਮੈਂ

ਵਹੁਟੀ ਝੰਗ ਸਿਆਲ ਵਿਚ ਆਕੇ ਰਾਂਝੇ ਦਾ ਪਤਾ ਪੁੱਛਦੀ ਹੈ


ਵਹੁਟੀ ਜਿਸ ਦਿਨ ਸਾਹੁਰੇ ਆਣ ਪੁੱਜੀ ਪੁਛੇ ਚਾਕ ਸਿਆਲਾਂ ਦਾ ਕੇਹੜਾ ਨੀ
ਮੰਗੂ ਚੂਚਕੇ ਦੇ ਜਿਹੜਾ ਚਾਰਦਾ ਸੀ ਮੁੰਡਾ ਤਖਤ ਹਜ਼ਾਰੇ ਦਾ ਜੇਹੜਾ ਨੀ
ਰੋ ਰੋ ਲੱਲ ਵਲੱਲੀਆਂ ਕਰੇ ਗੱਲਾਂ ਨਿੱਤ ਸੱਜਰਾ ਦੁੱਖ ਨਾ ਬੇਹੜਾ ਨੀ
ਭੂਰੀ ਵੰਝਲੀ ਜੱਟ ਜਨੂਨ ਹੋਯਾ ਕੋਈ ਓਸਦਾ ਕਿਤੇ ਹੈ ਡੇਹਰਾ ਨੀ
ਜਿਹੜਾ ਆਸ਼ਕਾਂ ਵਿੱਚ ਮਸ਼ਹੂਰ ਰਾਂਝਾ ਸਿਰ ਓਸਦੇ ਇਸ਼ਕ ਦਾ ਸੇਹਰਾ ਨੀ
ਕਿਤੇ ਦਾਇਰੇ ਕਿਤੇ ਮਸੀਤ ਹੁੰਦਾ ਮੇਰਾ ਓਸਨੂੰ ਦਿਓ ਸੁਨੇਹਿੜਾ ਨੀ
ਇਸ਼ਕ ਪੱਟ ਤ੍ਰੱਟੀਆਂ ਗਾਲੀਆਂ ਨੀ ਉੱਜੜ ਗਿਆਂ ਦਾ ਕੇਹੜਾ ਵੇਹੜਾ ਨੀ
ਵਾਰਸ ਇਸ਼ਕ ਦਾ ਮਾਰਿਆ ਫਿਰੇ ਭੌਦਾ ਹੀਰ ਵਿਆਹ ਕੇ ਲੈ ਗਿਆ ਖੇਹੜਾ ਨੀ

ਕੁੜੀਆਂ ਨੇ ਵਹੁਟੀ ਨੂੰ ਆਖਿਆ

ਕੁੜੀਆਂ ਆਖਿਆ ਛੈਲ ਹੈ ਮਸ ਭਿੰਨਾ ਛੱਡ ਬੈਠਾ ਈ ਜੱਗ ਦੇ ਸੱਭ ਝੇੜੇ
ਸੱਟ ਵੰਝਲੀ ਅਹਿਲ ਫਕੀਰ ਹੋਯਾ ਜਿੱਸ ਰੋਜ਼ ਦੇ ਹੀਰ ਲੈ ਗਏ ਖੇੜੇ
ਵਿੱਚ ਬੇਲਿਆਂ ਕੂਕਦਾ ਫਿਰੇ ਭੌਂਦਾ ਜਿਥੇ ਬਾਘ ਬਘੇਲੇ ਤੇ ਸੀਂਹ ਪੇੜੇ
ਕੋਈ ਓਸਦੇ ਨਾਲ ਨਾ ਗੱਲ ਕਰਦਾ ਬਾਝ ਮੰਤਰੌਂ ਨਾਗ ਨੂੰ ਕੌਣ ਛੇੜੇ
ਬੀਬੀ ਆਪ ਕਰ ਗੱਲ ਤੂੰ ਹੋ ਨੇੜੇ ਓਸ ਕਲ੍ਹਾ ਦੇ ਖੂਹ ਨੂੰ ਕੌਣ ਗੇੜੇ