ਪੰਨਾ:ਹੀਰ ਵਾਰਸਸ਼ਾਹ.pdf/143

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੩੩)

ਜਿਹੜਾ ਆਸ ਕਰਕੇ ਡਿੱਗੇ ਆਣ ਦੁਆਰੇ ਜੀ ਓਸਦਾ ਚਾ ਨਾ ਤੋੜੀਏ ਜੀ
ਨਾਬਾ ਅੜਕਨੀ ਵਗਦੀ ਜੱਗ ਸਾਰੇ ਜੇਕਰ ਨਾਲ ਪਿਆਰ ਦੇ ਟੋਰੀਏ ਜੀ
ਲਾ ਤਕਨਤੂ ਦੀ ਜਿਹੜਾ ਆਸ ਰੱਖੇ ਕਿਉਂ ਉਸ ਨੂੰ ਚਾ ਵਸੋਰੀਏ ਜੀ
ਸਿਦਕ ਬੰਨ੍ਹ ਕੇ ਜਿਹੜਾ ਆ ਚਰਨ ਲੱਗੇ ਪਾਰ ਲਾਈਏ ਵਿੱਚ ਨਾ ਬੋੜੀਏ ਜੀ
ਵਾਰਸਸ਼ਾਹ ਮੀਆਂ ਜੈਂਦਾ ਕੋਈ ਨਾਹੀਂ ਮਿਹਰ ਓਸ ਤੋਂ ਨਾਂਹ ਵਿਛੋੜੀਏ ਜੀ

ਕਲਾਮ ਬਾਲ ਨਾਥ

ਘੋੜਾ ਸਬਰ ਦਾ ਜ਼ਿਕਰ ਦੀ ਵਾਗ ਦੇ ਕੇ ਨਫਸ ਮਾਰਨਾ ਕੰਮ ਭੁਝੰਗਿਆਂ ਦਾ
ਛੱਡ ਹੁਕਮ ਤੇ ਜ਼ਰ ਫਕੀਰ ਹੋਣਾ ਇਹੋ ਕੰਮ ਹੈ ਮਾਹਣੂਆਂ ਚੰਗਿਆਂ ਦਾ
ਇਸ਼ਕ ਕਰਨ ਤੇ ਤੇਗ਼ ਦੀ ਧਾਰ ਕੱਪਣ ਨਹੀਂ ਕੰਮ ਇਹ ਭੁਖਿਆਂ ਨੰਗਿਆਂ ਦਾ
ਐਥੇ ਥਾਉਂ ਨਾਹੀ ਅੜਬੰਗਿਆਂ ਦਾ ਇਹ ਕੰਮ ਹੈ ਸਿਰਾਂ ਤੋਂ ਨੰਗਿਆਂ ਦਾ
ਤੈਥੋਂ ਜੋਗ ਕਮਾਇਆ ਨਾਂਹ ਜਾਏ ਮੀਆਂ ਫ਼ਾਇਦਾ ਕੀ ਜੋਗ ਮੰਗਿਆਂ ਦਾ
ਜੇੜ੍ਹੇ ਮਰਨ ਥੀਂ ਫਕਰ ਥਾਂ ਹੋਣ ਵਾਕਫ਼ ਨਾਹੀਂ ਕੰਮ ਇਹ ਮਰਨ ਥੀਂ ਸੰਗਿਆਂ ਦਾ
ਸ਼ੌਕ ਮਿਹਰ ਤੇ ਸਿਦਕ ਯਕੀਨ ਬਾਝੋਂ ਕਿਹਾ ਫ਼ਾਇਦਾ ਟੁਕੜਿਆਂ ਮੰਗਿਆਂ ਦਾ
ਵਾਰਸਸ਼ਾਹ ਜੋ ਇਸ਼ਕ ਦੇ ਰੰਗ ਰੱਤੇ ਹੁੰਦੇ ਆਪ ਹੀ ਰੰਗ ਬਰੰਗਿਆਂ ਦਾ

ਨਸੀਹਤ ਬਾਲ ਨਾਥ ਦੀ ਰਾਂਝੇ ਨੂੰ

ਜੋਗ ਕਰਨ ਸੋ ਮਰਨ ਥੀਂ ਹੋਏ ਅਸਥਿਰ ਜੋਗ ਸਿੱਖੀਏ ਸਿੱਖਣਾ ਆਇਆ ਈ
ਨਿਹਚਾ ਧਾਰਕੇ ਗੁਰੂ ਦੀ ਸੇਵ ਕਰੀਏ ਇਹ ਭੀ ਜੋਗੀਆਂ ਦਾ ਫੁਰਮਾਇਆ ਈ
ਨਾਲ ਸਿਦਕ ਯਕੀਨ ਦੇ ਬੰਨ ਤਕਵਾ ਧੰਨੇ ਪੱਥਰੋਂ ਰੱਬ ਨੂੰ ਪਾਇਆ ਈ
ਮੈਲ ਦਿਲ ਦੀ ਧੋਕੇ ਸਾਫ਼ ਕੀਤੀ ਤੁਰਤ ਗੁਰੂ ਨੇ ਰੱਬ ਮਿਲਾਇਆ ਈ
ਮੰਦਾ ਆਪ ਨੂੰ ਜਾਣਨਾ ਖਲਕ ਕੋਲੋਂ ਜੇ ਤਾਂ ਜੋਗ ਤੇ ਪੰਥ ਨੂੰ ਚਾਇਆ ਈ
ਨਾਮੇ ਕਪੜੇ ਧੋਂਵਦੇ ਗੁਰੂ ਲੱਧਾ ਪਾਸ ਬੈਠ ਕੇ ਭੇਤ ਸਮਝਾਇਆ ਈ
ਬੱਚਾ ਸੁਣੋ ਇਸ ਵਿੱਚ ਕਲਬੂਤ ਖ਼ਾਕੀ ਸੱਚੇ ਰੱਬ ਨੇ ਥਾਉਂ ਬਣਾਇਆ ਈ
ਵਾਰਸਸ਼ਾਹ ਮੀਆਂ ਹਉਮੈ ਸੱਤ ਜਾਪੇ ਸਰਬ ਮਏ ਭਗਵਾਨ ਨੂੰ ਪਾਇਆ ਈ

ਹੋਰ

ਮਾਲਾ ਮਣਕਿਆਂ ਦੇ ਵਿੱਚ ਇੱਕ ਧਾਗਾ ਤਿਵੇਂ ਸਰਬ ਦੇ ਬੀਚ ਸਮਾ ਰਹਿਆ
ਵਾਸਾ ਜੀਉਂਦਿਆਂ ਵਿੱਚ ਹੈ ਜਾਨ ਵਾਂਗੂੰ ਨਸ਼ਾ ਭੰਗ ਅਫੀਮ ਵਿਚ ਆ ਰਹਿਆ
ਜਿਵੇਂ ਪੱਤਰੀਂ ਮਹਿੰਦੀ ਦੇ ਰੰਗ ਰਚਿਆ ਤਿਵੇਂ ਜਾਨ ਜਹਾਨ ਮੇਂ ਆ ਰਹਿਆ
ਜਿਵੇਂ ਰਕਤ ਸਰੀਰ ਵਿਚ ਸਾਂਸ ਅੰਦਰ ਤਿਵੇਂ ਜੋਤ ਮੇਂ ਜੋਤ ਸਮਾ ਰਹਿਆ
ਰਾਂਝਾ ਬੰਨ੍ਹਕੇ ਖਰਚ ਹੀ ਮਗਰ ਲੱਗ ਜੋਗੀ ਆਪਣਾ ਜ਼ੋਰ ਸਭ ਲਾ ਰਹਿਆ