ਪੰਨਾ:ਹੀਰ ਵਾਰਸਸ਼ਾਹ.pdf/30

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੪

ਦਿਨੇਂ ਬੇਲਿਆਂ ਦੇ ਵਿੱਚ ਕਰੀਂ ਮੋਜਾਂ ਰਾਤੀਂ ਖੇਡਸਾਂ ਵਿੱਚ ਹਵੇਲੀਆਂ ਦੇ
ਅਸਾਂ ਸਿਕਦਿਆਂ ਨੂੰ ਰੱਬ ਜੁੱਗ ਦਿੱਤਾ ਨਰਦਾਂ ਪੁੱਠੀਆਂ ਅਸਾਂ ਅਕੋਲੀਆਂ ਦੇ
ਅਸਾਂ ਸ਼ੌਕ ਪਿਆਰ ਦੀਦਾਰ ਦਾ ਏ ਦੌਰ ਸ਼ੌਕ ਨਾ ਰੰਗ ਨਵੇਲੀਆਂ ਦੇ
ਖੁਸ਼ੋਖ਼ਮ ਹੁਸ਼ਨਾਕ ਗਵਾਂਢ ਹੋਵੇ ਕਿਸ ਕੰਮ ਗਵਾਂਢ ਫਿਰ ਤੇਲੀਆਂ ਦੇ
ਵਾਰਸਸ਼ਾਹ ਮੀਆਂ ਅੱਲਾ ਮਿਹਰ ਕੀਤੀ ਅਸਾਂ ਲੱਭ ਲਏ ਹੱਟ ਫੁਲੇਲੀਆਂ ਦੇ

ਕਲਾਮ ਰਾਂਝਾ

ਨਾਲ ਨੱਢੀਆਂ ਘਿੰਨ ਕੇ ਚਰਖੜੇ ਨੂੰ ਤੁਸਾਂ ਬੈਠਣਾ ਵਿੱਚ ਭੰਡਾਰ ਹੀਰੇ
ਅਸੀਂ ਆਣਕੇ ਰੂਲਾਂਗੇ ਵਿੱਚ ਵਿਹੜੇ ਸਾਡੀ ਕੋਈ ਨਾ ਲਏਗਾ ਸਾਰ ਹੀਰੇ
ਧਕੇ ਦੇਕੇ ਵੇਹੜਿਓਂ ਕੱਢ ਛਡੇਂ ਸਾਨੂੰ ਠੱਗ ਕੇ ਮੁਲ ਨਾ ਮਾਰ ਹੀਰੇ
ਅਸਾਂ ਨਾਲ ਜੇ ਤੋੜ ਨਿਬਾਹੁਣੀਏਂ ਸੱਚਾ ਦੇਹ ਖਾਂ ਕੋਲ ਇਕਰਾਰ ਹੀਰੇ
ਪਹਿਲੇ ਸਦ ਫਕੀਰ ਮੁਸਾਫ਼ਰਾਂ ਨੂੰ ਫੇਰ ਮੂਲ ਨਾ ਕਰੀਂ ਖੁਆਰ ਹੀਰੇ
ਵਾਰਸਸ਼ਾਹ ਦੋ ਰੁਕਨ ਈਮਾਨ ਆਹੇ ਮੰਨੀਂ ਕੌਲ ਜ਼ਬਾਨ ਵਿਚਾਰ ਹੀਰੇ

ਰਾਂਝੇ ਅਗੇ ਹੀਰ ਨੇ ਕਸਮ ਖਾਣੀ

ਮੈਨੂੰ ਬਾਬਲੇ ਦੀ ਕਸਮ ਰਾਂਝਿਆ ਵੇ ਮਰੇ ਮਾਂ ਜੇ ਤੁੱਧ ਥੀਂ ਮੁੱਖ ਮੋੜਾਂ
ਤੇਰੇ ਬਾਝ ਤੁਮਾਮ ਹਰਾਮ ਮੈਨੂੰ ਤੁੱਧ ਬਾਝ ਨਾ ਨੈਣ ਨਾ ਅੰਗ ਜੋੜਾਂ
ਖੁਆਜਾ ਖਿਜਰ ਤੇ ਬੈਠਕੇ ਕਸਮ ਖਾਧੀ ਥੀਵਾਂ ਸੂਰ ਜੇ ਪ੍ਰੀਤ ਦੀ ਰੀਤ ਤੋੜਾਂ
ਕੋਹੜੀ ਹੋਇਕੇ ਨੈਣ ਪਰਾਨ ਜਾਵਣ ਤੇਰੇ ਬਾਝ ਜੋ ਕੌਤ ਮੈਂ ਹੋਰ ਲੋੜਾਂ
ਇਹ ਕੌਲ ਨਾ ਤੋੜਸਾਂ ਮਾਹੀਆ ਵੇ ਵਿੱਚ ਦੋਜ਼ਖਾਂ ਦੇ ਭਾਵੇਂ ਜਾਨ ਸੋੜਾਂ
ਮਦਦ ਨਾਲ ਖੁਦਾ ਦੇ ਮੀਆਂ ਵਾਰਸ ਦਿਲੋਂ ਗੈਰ ਦਲੀਲਾਂ ਨੂੰ ਚਾ ਹੋੜਾਂ

ਜਵਾਬ ਰਾਂਝਾ

ਚੇਤਾ ਮਾਮਲੇ ਪੈਣ ਤੇ ਨਸ ਜਾਏਂ ਇਸ਼ਕ ਜਾਲਣਾ ਖਰਾ ਦੁਹੇਲੜਾ ਈ
ਸੱਚ ਆਖਣਾ ਈਂ ਹੁਣੇ ਆਖ ਮੈਨੂੰ ਇਹ ਸੱਚ ਤੇ ਝੂਠ ਦਾ ਵੇਲੜਾ ਈ
ਦਹਸ਼ਤ ਇਸ਼ਕ ਦੀ ਬੁਰੀ ਹੈ ਤੇਗ ਕੋਲੋਂ ਬਰਛੀ ਸਾਂਗ ਤੇ ਸੱਪ ਜੁਸੇਲੜਾ ਈ
ਏਥੋਂ ਛੱਡ ਈਮਾਨ ਜੇ ਨੱਸ ਜਾਏ ਅੰਤ ਰੋਜ ਕਿਆਮਤੇ ਮੇਲੜਾ ਈ
ਤਾਬ ਇਸ਼ਕ ਦੀ ਝੱਲਣੀ ਬੁਰੀ ਔਖੀ ਇਸ਼ਕ ਗੁਰੂ ਤੇ ਜੱਗ ਸਭ ਚੇਲੜਾ ਈ
ਵਾਰਸਸ਼ਾਹ ਦੀ ਆਸ ਤਦ ਹੋਗ ਪੂਰੀ ਹੀਰ ਮਿਲੇ ਤਾਂ ਕੰਮ ਸੁਹੇਲੜਾ ਈ

ਕਲਾਮ ਹੀਰ

ਤੇਰੇ ਨਾਮ ਤੋਂ ਹੀਰ ਕੁਰਬਾਨ ਕੀਤੀ ਮਾਲ ਜਾਨ ਤੇਰੇ ਉਤੋਂ ਵਾਰਿਆ ਈ
ਪਾਸਾ ਜਾਨ ਦਾ ਸੀਸ ਮੈਂ ਲਾ ਬਾਜੀ ਤੁਸਾਂ ਜਿਤਿਆ ਤੇ ਅਸੀਂ ਹਾਰਿਆ ਈ