ਪੰਨਾ:ਹੀਰ ਵਾਰਸਸ਼ਾਹ.pdf/35

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੨੯)

ਖੰਜਰ ਸਯਦ ਜਲਾਲ ਬੁਖਾਰੀ ਦਿੱਤਾ ਖੂੰਡੀ ਜ਼ਿਕਰੀਏ ਪੀਰ ਨੇ ਹਿੱਕ ਭੂਰੀ
ਮਿਹਰਬਾਨ ਹੋਕੇ ਕਰਨ ਬਹੁਤ ਸਫ਼ਕਤ ਕੋਈ ਕਰੇ ਨਾ ਤੁੱਧ ਦੇ ਨਾਲ ਜੋਰੀ
ਮਾਲਕ ਮੰਗੂਆਂ ਦਾ ਕੀਤਾ ਰੱਬ ਤੈਨੂੰ ਦੁੱਧ ਪੀ ਬੱਚਾ ਚੋ ਮਝ ਬੂਰੀ
ਤੈਨੂੰ ਭੀੜ ਪਵੇ ਕਰੀਂ ਯਾਦ ਜੱਟਾ ਨਾਹੀ ਜਾਣਨਾ ਅਸਾਂ ਨੂੰ ਪਲਕ ਦੁਰੀ
ਵਾਰਸਸ਼ਾਹ ਜਦੋਂ ਸਾਨੂੰ ਯਾਦ ਕਰੇਂ ਫੌਰਨ ਆਣਕੇ ਕਰਾਂਗੇ ਇੱਛ ਪੂਰੀ

ਤਾਰੀਫ਼ ਮਝੀਆਂ

ਬੇਲਾ ਬਾਗ ਸੁਹਾਇਆ ਮਝੀਆਂ ਨੇ ਰੰਗਾ ਰੰਗ ਦੀਆਂ ਰੰਗ ਰੰਗੀਲੀਆਂ ਨੀ
ਡਾਰਾਂ ਕੂੰਜਾਂ ਦੇ ਵਾਂਗ ਵਿਚ ਫਿਰਨ ਬੇਲੇ ਇੱਕ ਦੂਜੇ ਦੇ ਸੰਗ ਸੰਗੀਲੀਆਂ ਨੀ
ਇੱਕ ਢੇਲੀਆਂ ਮੂਸੀਆਂ ਬੂਰੀਆਂ ਸਨ ਇਕ ਕੱਕੀਆਂ ਤੇ ਇਕ ਨੀਲੀਆਂ ਨੀ
ਇੱਕ ਕੁੰਡੀਆਂ ਸਿੰਝ ਵਲਦਾਰ ਸੋਹਣੇ ਇਕ ਦੁੱਧਾਂ ਦੇ ਮੱਟ ਮਟੀਲੀਆਂ ਨੀ
ਇੱਕ ਖੈਪਲਾਂ ਇੱਕ ਕੁਹੀੜ ਖੱਲਾਂ ਇੱਕ ਮੀਣੀਆਂ ਸੰਗ ਸੂਹੀਆਂ ਨੀ
ਇੱਕ ਹਰ ਵਰਿਹਾਈਆਂ ਸਨ ਫਰੜਾਂ ਇਕ ਸੰਢ ਤੇ ਮੋਟੀਆਂ ਡੀਲੀਆਂ ਨੀ
ਸਜਰ ਸੂ ਤੇ ਗੱਭਣਾਂ ਖਾਂਘੜਾਂ ਨੇ ਇੱਕ ਡੌਲਕਾਂ ਇੱਕ ਹੀਥੀਲੀਆਂ ਨੀ
ਇੱਕ ਲੁੰਡੀਆਂ ਬਰੜੀਆਂ ਬਿਲੀਆਂ ਸਨ ਇੱਕ ਮਿੱਠੀਆਂ ਇੱਕ ਕੁੜੀਲੀਆਂ ਨੀ
ਬੂਥੀ ਮਾਰਕੇ ਇੱਕ ਉਡਾਰ ਹੋਈਆਂ ਇਕ ਨਾਲ ਪਿਆਰ ਰਸੀਲੀਆਂ ਨੀ
ਇੱਕ ਵਾਂਗ ਮਗਰਾਬੀਆਂ ਚਾਲ ਚਲਨ ਇੱਕ ਖੱਲੀਆਂ ਛੈਲ ਛਬੀਲੀਆਂ ਨੀ
ਇੱਕ ਕਰਨ ਉਗਾਲੀਆਂ ਵਿੱਚ ਡ੍ਹਮਾਂ ਇੱਕ ਢਿੱਡਲਾਂ ਇੱਕ ਪਤੀਲੀਆਂ ਨੀ
ਇੱਕ ਡਰਦੀਆਂ ਸਦ ਰੰਝੇਟੜੇ ਤੋਂ ਇੱਕ ਹੋਰ ਰੰਝੇਟੇ ਦੀਆਂ ਕੀਲੀਆਂ ਨੀ
ਇੱਕ ਰੱਜ ਕੇ ਖਾਇਕੇ ਮਸਤ ਹੋਈਆਂ ਆਪੋੜੰਮੇ ਦੇ ਵਿਚ ਵਸੀਲੀਆਂ ਨੀ
ਇੱਕ ਕਰਨ ਉਗਾਲੀ ਤੇ ਮਸਤ ਹੋਈਆਂ ਮੁਰਕਾਂ ਖਾਇਕੇ ਸਾਵੀਆ ਪੀਲੀਆਂ ਨੀ
ਇਕ ਅਬਲਕਾਂ ਸਯਾਹ ਸਫੈਦ ਹੋਸਣ ਪੂਛਲ ਚੌਰੀਆਂ ਬੱਗੀਆਂ ਪੀਲੀਆਂ ਨੀ
ਵਾਰਸਸ਼ਾਹ ਦੀ ਸੱਦ ਨਾ ਸੁਣੀ ਜਿਨ੍ਹਾਂ ਸੁਹਤੀਲੀਆਂ ਤੇ ਬੁਰੇਹੀਲੀਆਂ ਨੀ

ਵਾਕ ਕਵੀ

ਮਾਲ ਵੇਖ ਰੰਝੇਟੜਾ ਖੁਸ਼ੀ ਹੋਇਆ ਮਹਿਰੂ ਗੋਕਿਆਂ ਨਾਲ ਖੁਸ਼ਹਾਲੀਆਂ ਨੀ
ਸਾਨ੍ਹ ਮਾਰੇ ਬੜ੍ਹਕਾਂ ਗਾਂਈ ਮਗਰ ਲਗੇ ਧਣੀਆਂ ਝੋਟੀਆਂ ਸੰਢੀਆਂ ਤਾਲੀਆਂ ਨੀ
ਗਾਈਂ ਮਹੀਂ ਵਲਾਇਕੇ ਮੀਏਂ ਰਾਂਝੇ ਹੱਥ ਫੇਰ ਪਿਆਰ ਸਮ੍ਹਾਲੀਆਂ ਨੀ
ਦੱਮ ਦੱਮ ਰੰਝੇਟੇ ਦੀ ਕਿੜ ਰਖਣ ਜਿਵੇਂ ਨਾਲ ਮੁਹੱਬਤਾਂ ਪਾਲੀਆਂ ਨੀ
ਰਾਂਝਾ ਹੀਰ ਦਾ ਤੇ ਹੀਰ ਰਾਂਝਣੇ ਦੀ ਮਝੀ ਹੀਰ ਦੀਆਂ ਹਾਸੀਆਂ ਵਾਲੀਆਂ ਨੀ
ਵਾਰਸ ਤਖਤ ਹਜ਼ਾਰੇ ਨੂੰ ਛੱਡ ਆਇਆ ਪਿਛੇ ਹੀਰ ਦੇ ਤ੍ਰੱਟੀਆਂ ਗਾਲੀਆਂ ਨੀ