ਪੰਨਾ:ਹੀਰ ਵਾਰਸਸ਼ਾਹ.pdf/73

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੬੫)

ਪਿਉ ਪੁਤਰਾਂ ਨੂੰ ਯਾਰ ਯਾਰ ਕੋਲੋਂ ਮਾਵਾਂ ਧੀਆਂ ਨੂੰ ਪਾੜ ਵਿਖਾਉਨਾ ਏਂ
ਤੈਨੂੰ ਬਾਣ ਹੈ ਬੁਰਾ ਕਮਾਉਣੇ ਦੀ ਐਵੇਂ ਟੱਕਰਾਂ ਪਿਆ ਲੜਾਉਨਾ ਏਂ
ਪਰ੍ਹਾਂ ਜਾਹ ਜੂਠੇ ਪਿਛਾ ਛੱਡ ਸਾਡਾ ਸਾਨੂੰ ਕਾਸਨੂੰ ਪਿਆ ਅਟਕਾਉਨਾ ਏਂ
ਚਾਲਾਂ ਭੈੜੀਆਂ ਤੇਰੀਆਂ ਲੰਙਿਆ ਓਇ ਮਹਿਲ ਚਾੜ੍ਹਕੇ ਪੌੜੀਆਂ ਚਾਉਨਾ ਏਂ
ਵਾਰਸਸ਼ਾਹ ਕੰਮ ਛੱਡ ਬੁਰਿਆਈਆਂ ਦੇ ਜੇ ਤਾਂ ਜ਼ਾਤ ਸਫਾਤ ਸਦਾਉਨਾ ਏਂ

ਭਾਈਆਂ ਅਗੇ ਕੈਦੋ ਨੇ ਫਰਿਆਦ ਕਰਨੀ

ਧ੍ਰੋਹੀ ਰੱਬ ਦੀ ਨਿਆਉਂ ਕਮਾਓ ਪੈਂਚੋ ਭਰੋ ਦੇਸ ਵਿਚ ਫਾਟਿਆ ਕੁੱਟਿਆ ਹਾਂ
ਮੁਰਸ਼ਦ ਬਖਸ਼ਿਆ ਸੀ ਠੂਠਾ ਭੰਨਿਆ ਨੇ ਧੁਰੋਂ ਜੜ੍ਹਾਂ ਥੀਂ ਲਾ ਮੈਂ ਪੁੱਟਿਆ ਹਾਂ
ਮੈਂ ਮਾਰਿਆ ਵੇਖਦੇ ਮੁਲਕ ਸਾਰੇ ਧੂ ਕਾਂ ਮੋਏ ਵਾਂਗੂ ਸੁੱਟਿਆ ਹਾਂ
ਹੱਡ ਗੋਡੜੇ ਭੰਨਕੇ ਚੁਰ ਕੀਤੇ ਅੜੀਦਾਰ ਗਦੋਂ ਵਾਂਗ ਕੁੱਟਿਆ ਹਾਂ
ਮੇਰੀ ਮਾਰ ਕੇ ਲੜਕੀਆਂ ਮਿੱਝ ਕਢੀ ਕੁੱਤੇ ਹਲਕੇ ਦੇ ਵਾਂਗ ਮੈਂ ਹੁੱਟਿਆ ਹਾਂ
ਵਾਰਸਸ਼ਾਹ ਮੀਆਂ ਵਡਾ ਗਜ਼ਬ ਹੋਯਾ ਰੋ ਰੋ ਕੇ ਬਹੁਤ ਨਖੁੱਟਿਆ ਹਾਂ

ਪੈਂਚਾਂ ਨੇ ਕੁੜੀਆਂ ਨੂੰ ਪੁਛਣਾ

ਕੁੜੀਆਂ ਸਦਕੇ ਪੈਂਚਾਂ ਨੇ ਪੁੱਛ ਕੀਤੀ ਲੰਙਾ ਕਾਸ ਨੂੰ ਢਾਹਕੇ ਮਾਰਿਆ ਜੇ
ਇਕੇ ਬਾਝ ਗੁਨਾਹ ਦੇ ਮਾਰਿਆ ਜੇ ਇਕੇ ਕੋਈ ਗੁਨਾਹ ਨਿਤਾਰਿਆ ਜੇ
ਹਾਲ ਹਾਲ ਕਰਦਾ ਪਰ੍ਹੇ ਵਿਚ ਆਯਾ ਵਡਾ ਕਹਿਰ ਤੇ ਖੂਨ ਗੁਜ਼ਾਰਿਆ ਜੇ
ਝੁਗੀ ਸਾੜਕੇ ਮਾਰਕੇ ਭੰਨ ਭਾਂਡੇ ਏਸ ਫ਼ਕਰ ਨੂੰ ਚਾ ਉਜਾੜਿਆ ਜੇ
ਇਹ ਰਿਛ ਫ਼ਕੀਰ ਕਿਉਂ ਛੇੜਿਆ ਜੇ ਏਸ ਪਰ੍ਹੇ ਵਿਚ ਸ਼ੋਰ ਖਿਲਾਰਿਆ ਜੇ
ਸਾਥੇ ਸੱਚ ਬੋਲੋ ਕਿਹੜੀ ਗੱਲ ਪਿੱਛੇ ਕਰ ਨੰਗ ਫ਼ਕੀਰ ਖਲਾਰਿਆ ਜੇ
ਕਹੋ ਕੌਣ ਤਕਸੀਰ ਫ਼ਕੀਰ ਅੰਦਰ ਫੜ ਚੋਰ ਵਾਂਗੂੰ ਕੁੱਟ ਮਾਰਿਆ ਜੇ
ਪਰ੍ਹੇ ਵਿਚ ਮੀਆਂ ਪੁਛੇ ਛੋਹਰੀਆਂ ਨੂੰ ਅੱਗ ਲਾ ਫ਼ਕੀਰ ਕਿਉਂ ਸਾੜਿਆ ਜੇ
ਕੈਦੋ ਆਖਦਾ ਧੀਆਂ ਦੀ ਰਈ ਕਰਕੇ ਦਿਲੋਂ ਰਬ ਤੇ ਨਬੀ ਵਿਸਾਰਿਆ ਜੇ
ਵਾਰਸਸ਼ਾਹ ਫ਼ਕੀਰ ਕਬੀਰ ਕੈਦੋ ਕੁੱਤੇ ਵਾਂਗ ਕਿਉਂ ਮਾਰ ਦੁਰਕਾਰਿਆ ਜੇ

ਜਵਾਬ ਕੁੜੀਆਂ

ਮੂੰਹ ਉੱਗਲੀਆਂ ਘੱਤ ਕੇ ਕਹਿਣ ਸੱਭੇ ਕਾਰੇ ਕਰਨ ਥੀਂ ਇਹ ਨਾ ਸੰਗਦਾ ਏ
ਸਾਡੀਆਂ ਛਾਤੀਆਂ ਟੋਂਹਦਾ ਪੁਟ ਗਲ੍ਹਾਂ ਪਿਛੋਂ ਹੋਇਕੇ ਸੁਥਨਾਂ ਸੁੰਘਦਾ ਏ
ਸਾਨੂੰ ਕਟੀਆਂ ਕਹੇ ਤੇ ਆਪ ਪਿਛੋਂ ਸਾਹਨ ਹੋਇਕੇ ਟੱਪਦਾ ਰਿੰਗਦਾ ਏ
ਲਾਹ ਕਪੜੇ ਜੋਗ ਨੂੰ ਜੋ ਦੇਂਦਾ ਗੁਤਾਂ ਬੰਨ੍ਹ ਕੇ ਖਿੱਚਦਾ ਟਿੰਗਦਾ ਏ
ਤੇੜੋਂ ਲਾਹ ਘਾਈ ਦੁਆਲੇ ਫਿਰੇ ਭੌਂਦਾ ਭੌਂ ਭੌਂ ਕੇ ਮੂਤ ਦਾ ਰਿੰਗਦਾ ਏ