ਪੰਨਾ:Aaj Bhi Khare Hain Talaab (Punjabi).pdf/113

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਤਾਂ ਵਾਪਸ ਫੇਰ ਪੀ. ਡਬਲਿਊ. ਡੀ. ਨੂੰ। ਅੰਗਰੇਜ਼ ਮਹਿਕਮੇ ਬਦਲਦੇ ਗਏ,ਰਾਜ ਨੂੰ ਮਿਲਣ ਵਾਲਾ ਤਾਲਾਬ ਟੈਕਸ ਵਧਾਉਂਦੇ ਗਏ ਅਤੇ ਰੱਖ -ਰਖਾਅ ਲਈ ਮਿਲਣ ਵਾਲੇ ਪੈਸੇ ਵਿੱਚ ਕਟੌਤੀ ਕਰਦੇ ਗਏ ।ਅੰਗਰੇਜ਼ ਇਸ ਕੰਮ ਲਈ ਚੰਦਾ ਤੱਕ ਮੰਗਣ ਲੱਗੇ ,ਫੇਰ ਜਬਰਨ ਵਸੂਲੀ ਦੀ ਹੱਦ ਤੱਕ ਵੀ ਗਏ ।

ਇਧਰ ਦਿੱਲੀ ਦੇ ਤਾਲਾਬਾਂ ਦੀ ਦੁਰਦਸ਼ਾ ਲਈ ਨਵੀਂ ਰਾਜਧਾਨੀ ਬਣਨ ਲੱਗੀ ਸੀ । ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਇੱਥੇ 350 ਤਾਲਾਬ ਸਨ । ਇਨ੍ਹਾਂ ਨੂੰ ਵੀ ਟੈਕਸ ਦੇ ਨਫੇ -ਨੁਕਸਾਨ ਦੀ ਤੱਕੜੀ ਵਿੱਚ ਤੋਲਿਆ ਗਿਆ ਅਤੇ ਕਮਾਈ ਨਾ ਦੇ ਸਕਣ ਵਾਲੇ ਤਾਲਾਬ ਰਾਜ ਦੇ ਪਲੜੇ ਚੋਂ ਬਾਹਰ ਸੁੱਟ ਦਿੱਤੇ ਗਏ ।

ਉਸੇ ਦੌਰ ਵਿੱਚ ਦਿੱਲੀ ਵਿੱਚ ਨਲਕੇ ਲੱਗਣ ਲੱਗ ਪਏ ਸਨ । ਇਸ ਦੇ ਵਿਰੋਧ ਵਿੱਚ ਇੱਕ ਹਲਕੀ ਜਿਹੀ ਸੁਰੀਲੀ ਆਵਾਜ਼ ਸੰਨ 1900 ਦੇ ਨੇੜੇ -ਤੇੜੇ ਵਿਆਹਾਂ ਦੇ ਮੌਕਿਆਂ ਉੱਤੇ ਗਾਈ ਜਾਣ ਲੱਗੀ। ਗਾਰਿਓ (ਵਿਆਹ ਦੇ ਗੀਤ ) ਜਦੋਂ ਬਾਰਾਤ ਭੋਜਨ ਲਈ ਬੈਠਦੀ ਤਾਂ ਔਰਤਾਂ ਫ਼ਿਰੰਗੀ ਨਾਲ ਮੱਤ ਲਗਵਾ ਦਿਓ ਗੀਤ ਗਾਉਂਦੀਆਂ । ਪਰ ਨਲਕੇ ਲੱਗਦੇ ਗਏ ਅਤੇ ਥਾਂ -ਥਾਂ ਬਣੇ ਤਾਲਾਬ, ਖੂਹ ਅਤੇ ਬੋੜੀਆਂ ਦੀ ਜਗ੍ਹਾ ਅੰਗਰੇਜ਼ਾਂ ਦੀ ਦੇਣ ' ਵਾਟਰ ਵਰਕਸ' ਰਾਹੀਂ ਪਾਣੀ ਆਉਣ ਲੱਗਾ।


ਪਹਿਲਾਂ ਸਾਰੇ ਵੱਡੇ-ਵੱਡੇ ਸ਼ਹਿਰਾਂ ਵਿੱਚ,ਫਿਰ ਛੋਟੇ- ਛੋਟੇ ਸ਼ਹਿਰਾਂ ਵਿੱਚ ਵੀ ਇਹ ਸੁਪਨਾ ਅਮਲ ਵਿੱਚ ਲਿਆਂਦਾ ਗਿਆ । ਪਰ ਸਿਰਫ ਪਾਈਪ ਪਾਉਣ ਨਾਲ ਅਤੇ ਥਾਂ-ਥਾਂ ਟੂਟੀ ਲਾਉਣ ਨਾਲ ਤਾਂ ਪਾਣੀ ਨਹੀਂ ਆਉਂਦਾ । ਇਹ ਗੱਲ ਉਸ ਸਮੇਂ ਨਹੀਂ ਪਰ ਆਜ਼ਾਦੀ ਮਿਲਣ ਤੋਂ ਕੁਝ ਸਮੇਂ ਬਾਅਦ ਹੌਲੀ- ਹੌਲੀ ਸਮਝ ਆਉਣ ਲੱਗੀ।ਉਦੋਂ ਤੱਕ ਕਈ ਸ਼ਹਿਰਾਂ ਦੇ ਤਾਲਾਬ ਬੇਕਦਰੀ ਤੇ ਗਾਰੇ ਨਾਲ ਭਰ ਚੁੱਕੇ ਸਨ,ਉਨ੍ਹਾਂ ਉੱਤੇ ਨਵੇਂ ਮੁਹੱਲੇ,ਬਾਜ਼ਾਰ,ਸਟੇਡੀਅਮ ਖੜ੍ਹੇ ਹੋ ਚੁੱਕੇ ਸਨ ।