ਪੰਨਾ:Aaj Bhi Khare Hain Talaab (Punjabi).pdf/34

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਹਿਸੂਸ ਕਰਨੀ ਪਵੇਗੀ, ਜਿਹੜੀ ਕਿਸੇ ਬੁਗਦੇ (ਪਸ਼ੂ ਵੱਢਣ ਵਾਲਾ ਇੱਕ ਹਥਿਆਰ)ਜਾਂ ਆਟੋਮੈਟਿਕ ਆਰੇ ਹੇਠ ਵੱਢੇ ਜਾਣ ਸਮੇਂ ਉਨ੍ਹਾਂ ਨੂੰ ਹੁੰਦੀ ਹੋਵੇਗੀ।ਸੰਸਾਰ ਤਾਂ ਪੰਜ ਤੱਤਾਂ ਦਾ ਹੀ ਹੈ।ਕੁਦਰਤ ਵੱਲ ਪਿੱਠ ਮੋੜਨ ਦਾ ਮਤਲਬ ਹੈ 'ਧਰਮਨਿਰਪੱਖ' ਹੋਣਾ।ਬੇਹੂਦੀ 'ਧਰਮਨਿਰਪੱਖਤਾ' ਦੇ ਕਾਰਨ ਹੀ ਅੱਜ ਆਪਾਂ ਆਪਣੀ ਅੰਦਰਲੀ ਟੁੱਟ-ਫੁੱਟ ਦੇ ਨਾਲ-ਨਾਲ ਘਰ, ਗਲੀ, ਮੁਹੱਲੇ, ਸ਼ਹਿਰ ਤੋਂ ਕਟਦੇ-ਕਟਦੇ ਦੇਸ਼ਨਿਰਪੱਖ ਹੋ ਚੁੱਕੇ ਹਾਂ।ਅਜਿਹੀ ਧਰਮਨਿਰਪੱਖਤਾ ਦੇ ਕਾਰਨ ਹੀ 'ਬਣਾਉਟੀ ਸੇਵਾ' ਦਾ 'ਪੈਸਟੀਸਾਈਡ' ਤੱਕ ਸਾਡੇ ਧਰਮਾਂ ਦੀਆਂ ਜੜ੍ਹਾਂ 'ਚ ਪਾਇਆ ਜਾ ਰਿਹਾ ਹੈ।ਅਜਿਹੇ 'ਧਰਮਨਿਰਪੱਖ' ਹੋ ਕੇ, 'ਓ ਭਾਈ ਸਾਬ੍ਹ! ਛੱਡੋ ਵੀ ਆਪਾਂ ਕੀ ਲੈਣਾ,"ਯਾਰ!ਮੇਰੇ ਕੋਲ ਟਾਈਮ ਨਹੀਂ" ਜਿਹੇ ਮੁਹਾਵਰਿਆਂ ਦੇ ਸਹਾਰਿਆਂ ਨਾਲ ਸਭਿਅਤਾਵਾਂ ਦੇ ਵਿਕਾਸ ਮੀਨਾਰ ਜਿਆਦਾ ਦੇਰ ਤੱਕ ਟਿਕਾਏ ਨਹੀਂ ਜਾ ਸਕਦੇ।ਕਿਉਂਕਿ ਕੋਈ ਵੀ ਸਮਾਜ ਮਾਨਸਿਕ ਤੌਰ ਤੇ ਦੀਵਾਲੀਆ ਹੋ ਕੇ ਨਹੀਂ ਜੀਅ ਸਕਦਾ।ਉਸ ਨੂੰ ਆਪਣੇ ਲੋਕਾਂ, ਆਪਣੇ ਪਸ਼ੂਆਂ, ਆਪਣੀ ਜ਼ਮੀਨ, ਆਪਣੇ ਦਰੱਖਤ, ਬੂਟਿਆਂ, ਆਪਣੇ ਟੋਭਿਆਂ, ਢਾਬਾਂ, ਛੱਪੜਾਂ, ਤਾਲਾਬਾਂ, ਆਪਣੇ ਖੇਤਾਂ ਲਈ ਕੋਈ ਨਾ ਕੋਈ ਵਿਵਸਥਾ ਬਣਾਉਣੀ ਹੀ ਪੈਂਦੀ ਹੈ, ਜਿਹੜੀ ਪ੍ਰੰਪਰਾਵਾਂ ਦੀ ਅੱਗ ਵਿਚੋਂ ਨਿੱਤਰ ਕੇ ਕੁੰਦਨ ਵੀ ਕੋਈ ਹੋਵੇ ਅਤੇ ਪਰਿਵਰਤਨਸ਼ੀਲ ਸਮੇਂ ਦੇ ਚੁੱਕੇ ਤੇ ਖਰੀ ਵੀ ਉੱਤਰ ਸਕੇ।ਮਹਾਤਮਾ ਗਾਂਧੀ ਕਿਹਾ ਕਰਦੇ ਸਨ, "ਆਉਣ ਵਾਲੀਆਂ ਨਸਲਾਂ ਦੇ ਹਿੱਤਾਂ ਬਾਰੇ ਸੋਚੇ ਸਮਝੇ ਬਿਨਾਂ ਧਰਤੀ ਨੂੰ ਖਾਤਮੇ ਦੇ ਕੰਢੇ ਤੇ ਪਹੁੰਚਾ ਦੇਣਾ ਵੀ ਸ਼ਰੇਆਮ ਹਿੱਸਾ ਦਾ ਹੀ ਪ੍ਰਦਰਸ਼ਨ ਹੈ।" ਬੇਸ਼ੱਕ ਸੰਸਾਰ ਦੀਆਂ ਸਾਰੀਆਂ ਕਿਤਾਬਾਂ ਵਿੱਚ ਹਮੇਸ਼ਾ ਇਹੋ ਪੜ੍ਹਾਇਆ ਜਾਂਦਾ ਹੈ ਕਿ ਸਭਿਅਤਾਵਾਂ ਦਾ ਵਿਕਾਸ ਹਮੇਸ਼ਾ ਮਿੱਠੇ ਜਲ ਸੋਮਿਆਂ ਦੇ ਕੰਢਿਆਂ ਉੱਤੇ ਹੀ ਹੋਇਆ।ਜੇਕਰ ਅੱਜ ਅਸੀਂ ਚਾਰੋ ਪਾਸੇ ਨਜ਼ਰ ਮਾਰ ਕੇ ਵੇਖੀਏ ਤਾਂ ਆਉਣ ਵਾਲੀਆਂ ਪੀੜ੍ਹੀਆਂ ਦਾ ਵਿਕਾਸ ਕਿਹੜੇ ਜਲ ਸੋਮਿਆਂ ਦੇ ਕੰਢਿਆਂ ਤੇ ਹੋਵੇਗਾ?ਇਹ ਗੱਲ ਤਾਂ ਹੁਣ ਪੁਰਾਣੀ ਹੋ ਚੁੱਕੀ ਹੈ ਜਦੋਂ ਅਸੀਂ ਜੰਗਲਾਂ, ਨਦੀਆਂ ਦੇ 'ਵਾਰਿਸ' ਸੀ, ਅੱਜ ਤਾਂ ਅਸੀਂ ਸਿਰਫ਼ 'ਬੀਆਬਾਨਾਂ ਦੇ ਸ਼ਾਹ ਹੀ ਦਿਸਦੇ ਹਾਂ।