ਪੰਨਾ:Aaj Bhi Khare Hain Talaab (Punjabi).pdf/81

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਪਾਣੀ ਚਲਾਉਣ ਲਈ ਚਾਲਾਂ ਦਾ ਪ੍ਰਚਲਨ ਇੰਨਾ ਜ਼ਿਆਦਾ ਸੀ ਕਿ ਪਿੰਡ ਆਪਣੇ ਉੱਪਰਲੇ ਪਹਾੜਾਂ ਵਿੱਚ 30-40 ਚਾਲਾਂ ਬਣਾ ਲੈਂਦੇ ਸਨ।

ਚਾਲ ਕੋਈ 30 ਕਦਮ ਲੰਮੀ, ਇੰਨੀ ਹੀ ਚੌੜੀ ਅਤੇ ਕੋਈ ਚਾਰ - ਪੰਜ ਹੱਥ ਡੂੰਘੀ ਹੁੰਦੀ ਸੀ।ਇਸ ਨੂੰ ਬਣਾਉਣ ਦਾ ਕੰਮ ਕਿਸੇ ਇੱਕ ਤਬਕੇ ਦੀ ਜ਼ਿੰਮੇਦਾਰੀ ਨਹੀਂ ਸੀ ਹੁੰਦਾ, ਸਗੋਂ ਲਗਭਗ ਸਾਰੇ ਹੀ ਇਸ ਨੂੰ ਬਣਾਉਣਾ ਜਾਣਦੇ ਸਨ ਅਤੇ ਸਾਰੇ ਇਸਦੀ ਸਫਾਈ ਵਿੱਚ ਜੁਟਦੇ ਸਨ।ਇਹ ਪਿੰਡ ਦੇ ਪਸ਼ੂਆਂ ਤੋਂ ਇਲਾਵਾ ਜੰਗਲੀ ਪਸ਼ੂਆਂ ਲਈ ਵੀ ਪਾਣੀ ਇਕੱਠਾ ਕਰਨ ਦਾ ਕੰਮ ਕਰਦੀ ਸੀ।ਹਿਮਾਲਾ ਖੇਤਰ ਵਿੱਚ ਚਾਲ ਨੂੰ ਕਿਤੇ ਖਾਲ ਕਿਹਾ ਜਾਂਦਾ ਹੈ, ਕਿਤੇ ਤੋਲੀ, ਕਿਤੇ ਇਸ ਦਾ ਨਾਂ ਚੌਰਾ ਵੀ ਹੈ।ਆਲੇ-ਦੁਆਲੇ ਦੇ ਪਿੰਡ ਇਨ੍ਹਾਂ ਨਾਵਾਂ ਨਾਲ ਹੀ ਜਾਣੇ ਜਾਂਦੇ ਹਨ ਜਿਵੇਂ ਉਫ਼ਰੇਖਾਲ, ਰਾਣੀਚੌਰਾ ਅਤੇ ਦੁਧਾਤੋਲੀ।ਉੱਤਰੀ ਭਾਰਤ ਦੇ ਇਹ ਠੇਠ ਸ਼ਬਦ ਦੱਖਣ ਤੱਕ ਚਲੇ ਜਾਂਦੇ ਸਨ।ਕੇਰਲ ਅਤੇ ਆਂਧਰਾ ਪ੍ਰਦੇਸ਼ ਵਿੱਚ ਚੌਰ ਅਤੇ ਚੇਰਵੂ ਸ਼ਬਦ ਤਾਲਾਬ ਦੇ ਅਰਥਾਂ ਵਿੱਚ ਹੀ ਵਰਤੇ ਜਾਂਦੇ ਹਨ।

ਚੌਰਸ ਪੱਕੇ ਘਾਟਾਂ ਨਾਲ ਘਿਰੇ ਤਾਲਾਬ ਚੋਪਰਾ ਜਾਂ ਚੌਪਰਾ ਅਤੇ 'ਰ' ਤੋਂ 'ੜ' ਬਣਕੇ ਚੌਪੜਾ ਵੀ ਕਹਾਉਂਦੇ ਹਨ।ਚੌਪੜਾ ਉੱਜੇਨ ਵਰਗੇ ਪ੍ਰਾਚੀਨ ਸ਼ਹਿਰ ਵਿੱਚ, ਝਾਂਸੀ ਜਿਹੇ ਇਤਿਹਾਸਕ ਸ਼ਹਿਰ ਵਿੱਚ ਅਤੇ ਚਿਰਗਾਂਵ ਜਿਹੇ ਸਾਹਿਤਕ ਸ਼ਹਿਰ ਵਿੱਚ ਵੀ ਹਨ।ਚੌਪਰਾ ਨਾਲ ਹੀ ਮਿਲਦਾ-ਜੁਲਦਾ ਨਾਂ ਹੈ ਚੌਘਰਾ।ਚਾਰੇ ਪਾਸਿਉਂ ਚੰਗੇ- ਪੱਕੇ ਘਾਟਾਂ ਨਾਲ ਘਿਰਿਆ ਤਾਲਾਬ ਚੌਘਰਾ ਕਹਾਉਂਦਾ ਹੈ।ਇਸੇ ਤਰ੍ਹਾਂ ਤਿਘਰਾ ਵੀ ਹੈ।ਇਸ ਵਿੱਚ ਇੱਕ ਪਾਸਾ,ਆਗੌਰ ਦੇ ਵੱਲ ਦਾ ਪਾਸਾ ਕੱਚਾ ਛੱਡ ਦਿੱਤਾ ਜਾਂਦਾ ਸੀ।ਚਾਰ ਘਾਟ ਅਤੇ ਤਿੰਨ ਘਾਟ ਤੋਂ ਬਿਲਕੁਲ ਵੱਖਰੇ ਅੱਠਘਟੀ ਪੋਖਰ ਵੀ ਹੁੰਦੇ ਸਨ, ਭਾਵ ਅੱਠ ਘਾਟਾਂ ਵਾਲੇ।ਵੱਖੋ-ਵੱਖਰੇ ਘਾਟਾਂ ਦਾ ਅਲੱਗ-ਅਲੱਗ ਉਪਯੋਗ ਹੁੰਦਾ ਸੀ।ਕਿਤੇ -ਕਿਤੇ ਵੱਖੋ-ਵੱਖਰੀਆਂ ਜਾਤੀਆਂ ਲਈ ਅਲੱਗ-ਅਲੱਗ ਤਾਲਾਬ ਬਣਦੇ ਸਨ।ਤੇ ਕਿਤੇ ਇੱਕੋ ਵੱਡੇ ਤਾਲਾਬ ਉੱਤੇ ਵੱਖੋ -ਵੱਖਰੀਆਂ ਜਾਤੀਆਂ ਲਈ ਅਲੱਗ-ਅਲੱਗ ਘਾਟ ਬਣਦੇ ਸਨ।ਇਸ ਵਿੱਚ ਮਰਦ -ਔਰਤਾਂ ਦੇ ਨਹਾਉਣ ਲਈ ਵੱਖ-ਵੱਖਰਾ ਇੰਤਜ਼ਾਮ ਹੁੰਦਾ ਸੀ।ਛੱਤੀਸਗੜ੍ਹ ਵਿੱਚ ਡੌਕੀ ਘਾਟ ਔਰਤਾਂ ਲਈ ਅਤੇ ਡੌਕਾ ਘਾਟ ਮਰਦਾਂ ਲਈ ਹੁੰਦਾ ਸੀ।ਕਿਤੇ ਗਣੇਸ਼ ਜੀ ਅਤੇ ਕਿਤੇ ਮਾਂ ਦੁਰਗਾ ਸਥਾਪਿਤ ਕੀਤੀ ਜਾਂਦੀ ਸੀ ਤੇ ਕਿਤੇ-ਕਿਤੇ ਤਾਜ਼ੀਏ ਵੀ ।ਸਭ ਦੇ ਘਾਟ ਅਲੱਗ-ਅਲੱਗ ਹੁੰਦੇ ਸਨ।ਇਸਤਰ੍ਹਾਂ ਦੇ ਤਾਲਾਬਾਂ ਦੇ ਅੱਠ ਘਾਟ ਬਣ ਜਾਂਦੇ ਅਤੇ ਫੇਰ ਅੱਠਘੱਟੀ ਕਹਾਉਂਦੇ ਸਨ।

ਅੱਠਘੱਟੀ ਤਾਲ ਤਾਂ ਦੁਰੋਂ ਹੀ ਚਮਕ ਪੈਂਦੇ ਸਨ, ਪਰ ਗਹੀਆ ਪੋਖਰ ਉੱਥੇ ਪੁੱਜਣ ਉੱਤੇ ਹੀ ਦਿਸਦੇ ਸਨ।ਗੁਹੀਆ ਭਾਵ ਲੁਕੇ ਹੋਏ।ਇਹ ਆਕਾਰ ਵਿੱਚ ਛੋਟੇ ਹੁੰਦੇ ਅਤੇ ਅਕਸਰ ਬਰਸਾਤੀ ਪਾਣੀ ਜਮ੍ਹਾਂ ਹੋਣ ਤੇ ਆਪਣੇ ਆਪ ਬਣ ਜਾਂਦੇ ਸਨ। ਬਿਹਾਰ ਵਿੱਚ ਦੋ ਪਿੰਡਾਂ ਦੇ ਵਿਚਕਾਰ ਕੱਲਰੀ ਖੇਤਰਾਂ ਦੇ ਵਿੱਚ ਅਜੇ ਵੀ ਗੁਹੀਆ ਪੋਖਰ ਮਿਲਦੇ ਹਨ।