ਪੰਨਾ:Alochana Magazine April-May 1963.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿਰਿਆ ਅਰਥ-ਹੀਣ ਨਹੀਂ। ਇਸ ਲਈ ਜੇਕਰ ਸਾਹਿੱਤ ਜੀਵਨ ਦਾ ਸੱਚਾ ਪ੍ਰਤਿਬਿੰਬ ਹੈ ਤਾਂ ਉਸ ਲਈ ਕਿਸੇ ਭੀ ਘਟਨਾ ਨੂੰ ਭਾਵੇਂ ਉਹ ਕਿਤਨੀ ਭੀ ਛੋਟੀ ਤੇ ਤੁੱਛ ਕਿਉਂ ਨ ਹੋਵੇ ਬਿਆਨੇ ਬਿਨਾਂ ਛਡ ਦੇਣਾ ਅਨੁਚਿਤ ਹੈ । ਇਸ ਨਾਵਲ ਵਿਚ ਨਿਕੇ ਤੋਂ ਨਿਕੇ ਵੇਰਵੇ ਨੂੰ ਵਰਨਣ ਕਰਨਾ ਜ਼ਰੂਰੀ ਹੈ। ਇਹ ਸਪੱਸ਼ਟ ਗਲ ਹੈ ਕਿ ਜੇਕਰ ਘਟਨਾਵਾਂ ਦਾ ਮੁਕੰਮਲ ਵੇਰਵ ਪੇਸ਼ ਕਰਨ ਦਾ ਟੀਚਾ ਮਿੱਥ ਲਇਆ ਜਾਵੇ ਤਾਂ ਇਕ ਨਾਵਲ ਕਦੇ ਭੀ ਕਿਸੇ ਮੁਕੰਮਲ ਜ਼ਿੰਦਗੀ ਨੂੰ ਪੇਸ਼ ਕਰਨ ਦਾ ਹੀਆ ਨਹੀਂ ਕਰ ਸਕਦਾ । ਇਸ ਲਈ ਇਹ ਜ਼ਰੂਰੀ ਹੈ ਕਿ ਨਾਵਲ ਦਾ ਕਾਲ-ਖੇਤਰ ਸੁੰਗੜ ਜਾਵੇ । ਇਕ ਖਿਨ, ਇਕ ਪਹਰ, ਵੱਧ ਤੋਂ ਵੱਧ ਇਕ ਦਿਨ ਦੀਆਂ ਘਟਨਾਵਾਂ ਹੀ ਕਿਸੇ ਨਾਵਲ ਦੀ ਹੱਦ ਦੇ ਅੰਦਰ ਬੱਝ ਸਕਦੀਆਂ ਸਨ । ਜੇਮਜ਼ ਜਾਇਸ ਦਾ ਨਾਵਲ Ulysses ਇਸ ਪਰਮ ਯਥਾਰਥਵਾਦ ਦਾ ਇਕ ਅਦੁਤੀ ਨਮੂਨਾ ਹੈ । ਅਜੇਹੇ ਨਾਵਲ ਦਾ ਮਨੋਰਥ ਅਨੁਭਵ ਦੇ ਇਕ ਠੋਸ ਖਿਣ ਨੂੰ ਆਪਣੀ ਪੂਰੀ ਭਰਪੂਰਤਾ ਨਾਲ ਪੇਸ਼ ਕਰਨਾ ਹੈ ।

(੩) ਅੰਤ੍ਰੀਵ-ਜੀਵਨ ਦਾ ਨਾਵਲ:-ਮਨੁੱਖੀ ਜੀਵਨ ਵਿਚ ਕੇਵਲ ਘਟਨਾਵਾਂ ਹੀ ਨਹੀਂ ਵੰਗਾਰਦੀਆਂ, ਵਿਚਾਰ ਭੀ ਉਪਜਕੇ ਬਿਨਸਦੇ ਹਨ । ਜੇ ਅਜਹਾ ਯਥਾਰਥਵਾਦ ਉਚਿਤ ਹੈ ਜਿਸ ਵਿਚ ਘਟਨਾਵਾਂ ਤੇ ਕਿਰਿਆਵਾਂ ਨੂੰ ਪੂਰੇ ਵੇਰਵੇ ਸਹਿਤ ਨਿਰੂਪਿਆ ਗਇਆ ਹੋਵੇ ਤਾਂ ਉਸ ਤੋਂ ਭੀ ਵਧ ਅਵਸ਼ਕ ਉਹ ਯਥਾਰਥਬਾਦ ਹੈ ਜਿਸ ਵਿਚ ਮਾਨਸਕ ਕਿਰਿਆਵਾਂ ਤੇ ਵਿਚਾਰਾਂ ਨੂੰ ਪੂਰੇ ਵੇਰਵੇ ਨਾਲ ਬਿਆਨਿਆ ਜਾਵੇ । ਵਰਜੀਨੀਆਂ ਵੁਲਫ ਦੇ ਸ਼ਬਦਾਂ ਵਿਚ, ਕਿਸੇ ਸਧਾਰਨ ਮਨ ਦੇ ਇਕ ਸਧਾਰਨ ਦਿਨ ਦਾ ਅਧਿਅਨ ਕਰੋ । ਇਸ ਮਨ ਉਤੇ ਕਿਤਨੇ ਹੀ ਪਰਭਾਵ ਝੁਰਮਟ ਪਾ ਕੇ ਉਮਡਦੇ ਹਨ । ਤੁੱਛ ਅਭਰਿਠ ਖਿਣ-ਜੀਵੇ, ਜਾਂ ਫੌਲਾਦ ਦੀ ਧਾਰ ਨਾਲ ਉਕਰੇ ਹੋਏ । ਇਹ ਪਰਭਾਵ ਸਭ ਦਿਸ਼ਾਵਾਂ ਤੋਂ ਆਉਂਦੇ ਹਨ, ਜਿਵੇਂ ਕਿ ਅਨੰਤ ਪਰਮਾਣੂਆਂ ਦੀ ਵਾਛੜ ਹੋ ਰਹੀ ਹੋਵੇ, ਤੇ ਜਿਉਂ ੨ ਉਸ ਮਨ ਦੀ ਭੋ ਤੇ ਡਿਗਦੇ ਹਨ, ਉਹ ਇਕ ਪਰਬੰਧ ਵਿਚ ਪਹੁੰਚ ਕੇ ਕਿਸੇ ਐਤਵਾਰ ਜਾਂ ਸੋਮਵਾਰ ਦਾ ਜੀਵਨ ਬਣ ਜਾਂਦੇ ਹਨ ।

ਮਾਨਸਿਕ ਜੀਵਨ ਦੀ ਵਚਿਤਰਤਾ ਤੇ ਜਟਲਤਾ ਨਾਲ ਪੂਰਾ ਇਨਸਾਫ਼ ਕਰਨ ਲਈ ਗਲਪਕਾਰ ਲਈ ਜ਼ਰੂਰੀ ਹੈ ਕਿ ਉਹ ਪਾਠਕਾਂ ਨੂੰ ਕਿਸੇ ਇਕ ਪਲ ਦੇ ਦੌਰਾਨ ਮਨ ਵਿਚ ਵੀ ਵਿਚਰਦੇ ਵਿਚਾਰਾਂ ਦਾ ਪੂਰਾ ਵੇਰਵਾ ਪੇਸ਼ ਕਰੇ । ਵਰਜੀਨੀਆਂ ਵਲਫ ਨੇ ਆਪ ਇਸ ਵਿਧੀ ਨੂੰ ਬੜੀ ਪਰਬੀਨਤਾ ਨਾਲ ਵਰਤਿਆ ਹੈ । ਪਰ ਛੁਟੇਰੇ ਲੇਖਕਾਂ ਦੇ ਹੱਥ ਵਿਚ ਇਹ ਵਿਧੀ ਸ਼ੈਦ ਅਰਥ-ਹੀਣ, ਊਟ ਪਟਾਂਗ ਤੋਂ ਚੰਗੇਰੀ ਕੋਈ ਵਸਤੂ ਨ ਪੇਸ਼ ਕਰ ਸਕੇ । ——————————————————————————————————————————————————————————————

t Virginia Wolf. The Common Reader P. 189.

੧੨