ਪੰਨਾ:Alochana Magazine February 1963.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚਲਦਾ ਤੁਕਾਂਤ ਤੇ ਇਸ਼ ਦੀ ਸਰਲ ਵਹਿੰਦੀ ਭਾਸ਼ਾ ਰਲ ਮਿਲ ਕੇ ਇਸ ਤਰਾਂ ਦੀ ਮਗਨਤਾ ਦਾ ਪ੍ਰਭਾਵ ਉਪਜਾਉਣ ਵਿੱਚ ਅਤੀ ਸਫਲ ਹਨ । ਜਿਵੇਂ ਜਿਵੇਂ ਇਸ ਮਗਨਤਾ ਨੂੰ ਭੰਗ ਕਰਨ ਵਾਲੇ ਕਾਰਨਾਂ ਦੀ ਵਧਦੀ ਸ਼ਕਤੀ ਦਾ ਅਨੁਮਾਨ ਹੈ ਸਾਡੇ ਸਾਹਮਣੇ ਆਉਂਦਾ ਜਾਂਦਾ ਹੈ ਤਿਵੇਂ ਤਿਵੇਂ ਇਨਾਂ ਨੂੰ ਛੰਡ ਕੇ ਪਰ੍ਹਾਂ ! ਸੁਟਣ ਵਾਲੀ ਮਗਨਤਾ ਦੀ ਪਕਿਆਈ ਦਾ ਅਹਸਾਸ ਸਾਡੇ ਅੰਦਰ ਡੂੰਘਾ ਹੁੰਦਾ ਜਾਂਦਾ ਹੈ । ਸਾਧਾਰਨ ਮਨੁਖ ਲਈ ਦੋਲਤ ਦੀ ਖਿੱਚ ਬਹੁਤ ਬਲਵਾਨ ਹੁੰਦੀ ਹੈ ਤੇ ਸੁੰਦਰ ਇਸਤ੍ਰੀ ਦੀ ਉਸ ਤੋਂ ਵੀ ਵਧੇਰੇ । ਅਗਲੀਆਂ ਦੋ ਖਿਚਾਂ--ਪ੍ਰਸਿਧੀ ਦਾ ਲੋਭ ਤੇ ਤਾਕਤ ਦੀ ਭੁਖ ਸਾਧਾਰਨ ਮਨੁਖਾਂ ਨਾਲੋਂ ਵਿਸ਼ੇਸ਼ ਵਿਅਕਤੀਆਂ ਨੂੰ ਜ਼ਿਆਦਾ ਵਿਆਪਦੀਆਂ ਹਨ । ਕਵਿਤਾ ਦੇ ਚਾਰ ਬੰਦਾਂ ਵਿੱਚ ਵਰਣਿਤ ਇਹ ਚਾਰ ਖਿੱਚਾਂ ਵਧਦੀ ਸ਼ਕਤੀ ਦੇ ਕਰਮ ਵਿੱਚ ਹਨ, ਤੇ ਬੜੀ ਸੂਖਮ ਕਲਾਤਮਕ ਸੂਝ ਨਾਲ ਵਿਉਂਤੀਆਂ ਗਈਆਂ ਹਨ । ਸਭ ਤੋਂ ਅਖੀਰਲੀ ਖਿੱਚ, ਸੁਲਤਾਨ ਬਨਣ ਦੀ ਸੰਭਾਵਨਾ ਐਸੀ ਹੈ ਜਿਸ ਦੀ ਮਾਰ ਤੋਂ ਕੋਈ ਆਤਮਕ ਜੋਧਾ ਹੀ ਬਚ ਸਕਦਾ ਸੀ, ਖਾਸ ਤੌਰ ਤੇ ਉਸ ਸਮੇਂ ਜਦੋਂ ਸਾਧਾਰਨ ਮਨੁਖ, ਬੌਧਕ ਵਿਅਕਤੀਆਂ ਤੇ ਕਲਾਕਾਰ, ਸਭ ਹਾਕਮ ਦੀ ਮਨ ਮਰਜ਼ੀ ਦੇ ਅਧੀਨ ਹੁੰਦੇ ਸਨ । ਓਦੋਂ ਹਾਕਮ ਬਣ ਕੇ ਹੀ ਕੋਈ ਵਿਅਕਤੀ ਉਸ ਸੁਤੰਤਰਤਾ ਦਾ ਅਹਿਸਾਸ ਕਰ ਸਕਦੀ ਸੀ ਜੋ ਲੋਕ-ਰਾਜ ਦੇ ਸਮੇਂ ਅਨੇਕਾਂ ਲੋਕ ਮਾਣ ਸਕਦੇ ਹਨ । ਬਾਕੀ ਸਭ ਦਾ ਜੀਵਨ ਹਾਕਮ ਦੇ ਰਹਮ ਉਤੇ ਹੁੰਦਾ ਸੀ, ਖਾਸ ਤੌਰ ਤੇ ਜੇ ਹਾਕਮ ਸੁਲਤਾਨ ਕਿਸਮ ਦਾ ਹੋਵੇ । ਇਸ ਲਈ ਅਜ ਦੇ ਸਮੇਂ ਨਾਲੋਂ ਪੁਰਾਣੇ ਸਮੇਂ ਵਿਚ ਚੌਥੇ ਬੰਦ ਵਿਚ ਵਰਤੇ ਬਿੰਬ ਦੀ ਪ੍ਰਭਾਵਕ ਸ਼ਕਤੀ ਬਹੁਤ ਵਧੇਰੇ ਸੀ । ਸਿੱਧ ਦੇ ਬਿੰਬ ਬਾਰੇ ਵੀ ਇਹ ਗਲ ਘੱਟ ਦਰੁਸਤ ਨਹੀਂ । ਸਿਧ ਤੇ ਹਾਕਮ ਬਣ ਸਕਣਾ ਅਜ ਨਾਲੋਂ ਓਦੋਂ ਬਹੁਤ ਵਧੇਰੇ ਫ਼ਖ਼ਰ ਤੇ ਸਿਕ ਦਾ ਕਾਰਨ ਸੀ । ਗੁਰੂ ਨਾਨਕ ਨੇ ਪਹਲੇ ਬੰਦ ਵਿੱਚ ਜੋ ਬਿੰਬ ਵਰਤੇ ਹਨ, ਉਹ ਸਭ ਤੋਂ ਵਧ ਇੰਦ੍ਰਾਵੀ ਖਿੱਚ ਰੱਖਦੇ ਹਨ, ਇਸ ਲਈ ਪਾਠਕ ਦੀ ਕਲਪਨਾ ਨੂੰ ਇਕ ਦਮ ਕੀਲਣ ਵਿਚ ਸਭ ਤੋਂ ਜਲਦੀ ਸਫਲ ਹੁੰਦੇ ਹਨ । ਦੂਜੇ ਬੰਦ ਵਿੱਚ ਭਾਵੇਂ ਇਕ ਸੁੰਦਰ ਇਸਤ੍ਰੀ ਦਾ ਵਰਨਣ ਹੈ, ਪਰ ਇਸ ਦੇ ਇੰਦ੍ਰਾਵੀ ਪ੍ਰਭਾਵ ਨੂੰ ਬਹੁਤਾ ਖਰਬਲ ਨਹੀਂ ਹੋਣ ਦਿਤਾ, ਜਾਣ ਬੁਝ ਕੇ ਮਧਮ ਸੁਰ ਵਿਚ ਰਖਿਆ ਹੈ, ਤਾਂਕਿ ਕਵਿਤਾ ਵਿਚ ਵਾਸ਼ਨਾ ਦੇ ਸੰਸਕਾਰ ਲੋੜ ਤੋਂ ਵਧ ਨਾ ਆ ਸਕਣ । ਪਹਲੇ ਬੰਦ ਨਾਲੋਂ ਦੂਸਰੇ ਬੰਦ ਵਿੱਚ ਅੱਖ ਨਕ ਨੂੰ ਨਸ਼ਿਆਉਣ ਵਾਲੇ ਰਸ ਦੀ ਮਾਤਰਾ ਘਟ ਗਈ ਹੈ ਤੇ ਅੰਦਰਲੇ ਭਾਵਾਂ ਨੂੰ ਟੁੰਬਣ ਦੀ ਸ਼ਕਤੀ ਵਧ ਗਈ ਹੈ । ਤੀਸਰੇ ਬੰਦ ਵਿੱਚ ਰੰਗ ਰੂਪ ਵਾਲੇ ਬਿੰਬਾਂ ਦੀ ਬਜਾਏ ਨਾਟਕੀ ਤੇ ਕੌਤਕੀ ਹਰਕਤਾਂ ਵਾਲੇ ਬਿੰਬ ਪ੍ਰਧਾਨ ਹੋ ਗਏ ਹਨ, ਜਿਵੇਂ 'ਰਿਧਿ ਆਖਾ ਆਉਂ' ਜਾਂ 'ਗੁਪਤੁ ਪਰਗਟ ਹੋਇ ਬੈਸਾ'। ਇਹ ਅੱਖਾਂ ਕੰਨਾਂ ਨੂੰ ਘਟ ਮਸਤੀ ਦੇਂਦੇ ਹਨ, ਮਨ ਨੂੰ ਬਹੁਤਾ

੨੦