ਪੰਨਾ:Alochana Magazine February 1963.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਲਾਕਾਰ ਦਾ ਕਾਰਜ ਖੇਤਰ ਮਨੁਖੀ ਕੀਮਤਾਂ ਉਤੇ ਜ਼ੋਰ ਦੇਣਾ ਹੀ ਹੈ ਤੇ ਇਨ੍ਹਾਂ ਮਨੁਖੀ ਕੀਮਤਾਂ ਨੂੰ ਉਦਿਆਉਣ ਨਾਲ ਹੀ ਇਕ ਵਾਸਤਵਿਕ ਕ੍ਰਾਂਤੀ ਪੈਦਾ ਹੋ ਸਕਦੀ ਹੈ । ਤਾਂ ਪ੍ਰਸ਼ਨ ਉਠ ਸਕਦਾ ਹੈ ਕਿ ਕਲਾਕਾਰ ਕੇਹੜੀਆਂ ਮਨੁਖੀ ਕੀਮਤਾਂ ਨੂੰ ਉਚਿਆਵੇ ਤੇ ਕੇਹੜੀਆਂ ਮਨੁਖੀ ਕੀਮਤਾਂ ਨੂੰ ਸਧਾਰਨ ਰੂਪ ਵਿੱਚ ਪ੍ਰਵਾਣ ਕਰੇ । ਸਾਧਾਰਨ ਰੂਪ ਵਿੱਚ ਕਲਾਕਾਰਾਂ ਦੀਆਂ ਕੀਮਤਾਂ ਜਾਂ ਕਵੀ ਦਾ ਕੀਮਤਾਂ ਦੇ ਬਲ ਦੇਣ ਤੋਂ ਭਾਵ ਹੁੰਦਾ ਹੈ ਕਿ ਕਵੀ ਆਪਣੇ ਆਪ ਨੂੰ ਵੇਖੇ, ਉਸ ਆਪੇ ਦੀ ਝੋਲੀ 'ਚ ਬਹ ਕੇ ਆਪਣੇ ਅਨੁਭਵ ਨੂੰ ਪਾਲਵਾਨ ਕਰੇ ਅਤੇ ਆਪਣੇ ਵਿਸ਼ਵਾਸ਼ਾਂ ਤੇ ਆਦਰਸ਼ਾਂ ਤੇ ਆਪਣੇ ਮਾਧਿਅਮ ਦੇ ਸੰਬੰਧਾਂ ਨੂੰ ਸਮਝੇ ਤੇ ਉਹਨਾਂ ਤੇ ਵਿਚਾਰ ਕਰੇ ।

ਇਸ ਕਵਿਤਾ ਵਿੱਚ ਕਵੀ ਆਪਣੇ ਆਪੇ ਦੀ ਪੜਚੋਲ ਕਰਦਾ ਹੈ ਤੇ ਆਪਣੇ ਆਪੇ ਨੂੰ ਸਮਝਣ ਸੋਚਣ ਤੇ ਉਸ ਵਿੱਚ ਆਈਆਂ ਤ੍ਰੇੜਾ ਨੂੰ ਵੇਖਦਾ ਹੈ ਤੇ ਉਹਨਾਂ ਦੇ ਕਾਰਨ ਲਭਦਾ ਹੈ । ਕਵਿਤਾ ਦਾ ਮਾਧਿਅਮ ਤੇ ਕਵਿਤਾ ਦਾ ਸਮੁਚਾ ਆਕਾਰ ਇਸ ਆਤਮ-ਪਰੀਖਣ ਦਾ ਪ੍ਰਗਟਾਵਾ ਹੈ । ਅਜੋਕੀ ਕਵਿਤਾ ਵਿੱਚ ਮਨ-ਬਚਨੀ ਦੀ ਪਰੰਪਰਾ ਵਧੇਰੇ ਬਲਵਾਨ ਹੈ ਤੇ ਕਵੀ ਵਧੇਰੇ ਅੰਦਰ-ਮੁਖੀ ਹੁੰਦਾ ਜਾ ਰਹਿਆ ਹੈ ਤੇ ਇਹ ਕੋਈ ਦੁਖ ਵਾਲੀ ਗੱਲ ਨਹੀਂ ਕਿਉਂਕਿ ਅਜ ਸਾਡਾ ਕਲਾਕਾਰ ਨਵੀਆਂ ਕੀਮਤਾਂ ਨੂੰ ਵੇਖਣ ਪਰਖਣ ਤੇ ਨਵੇਂ ਵਿਸ਼ਵਾਸ਼ਾਂ ਨੂੰ ਅਪਨਾਉਣ ਦੇ ਯਤਨ ਵਿੱਚ ਹੈ । ਇਸੇ ਯਤਨ ਵਿੱਚ ਕਵੀ ਅੰਤਮ ਸਤਰਾਂ 'ਚ ਕਹਿੰਦਾ ਹੈ :

'ਧੁਖ ਰਹੀ ਹੈ ਅਗਰਬੱਤੀ
ਫੇਰ ਅਜ ਕਮਰੇ ਦੇ ਵਿਚ
ਮਹਕ ਚੰਦਨ ਦੀ
ਹੈ ਤਾਈਉਂ ਆ ਰਹੀ ।

ਕਵੀ- ਆਤਮਾ ’ਚ ਇਕ ਤਣਾਉ ਹੈ, ਇਕ ਖਿਚਾਉ ਹੈ ਜੇਹੜਾ ਉਸ ਦੇ ਵਿਚਾਰਾਂ ਨੂੰ ਵਧੇਰੇ ਤੀਖਣ ਤੇ ਬਲਵਾਨ ਬਣਾਉਂਦਾ ਹੈ । ਕਵਿਤਾ ਵਿਚ ਦੋ ਪ੍ਰਕਾਰ ਦਾ ਤਣਾਉ ਵੇਖਿਆ ਤੇ ਪਰਖਿਆ ਜਾ ਸਕਦਾ ਹੈ । ਇਕ ਤਣਾਉ ਦਾ ਸੰਬੰਧ ਕਵੀ ਦੀ ਸੌਂਦਰਯ ਭਾਵਨਾ ਨਾਲ ਹੈ ਤੇ ਦੂਜਾ ਆਦਰਸ਼ਾਂ ਨਾਲ । ਆਦਰਸ਼ ਕਿਸੇ ਸੀਮਤ ਭਾਵ ਵਿੱਚ ਨਹੀਂ, ਸਗੋ ਚੌੜੇਰੇ ਭਾਵ ਵਿੱਚ, ਜਿਨਾਂ ਨਾਲ ਕਾਵਿ-ਤੀਬਰਤਾ ਹੋਰ ਵੀ ਬਲਵਾਨ ਹੋ ਜਾਂਦੀ ਹੈ ਤੇ ਸ਼ਬਦਾਂ ’ਚ ਅਰਥਾਂ ਦੇ ਕਈ ਸਤੱਰ (leyers) ਆ ਜਾਂਦੇ ਹਨ ਤੇ ਕਵਿਤਾ ਦਾ ਪ੍ਰਭਾਵ ਵਧੇਰੇ ਡੂੰਘਾ ਤੇ ਤੀਬਰ ਹੋ ਜਾਂਦਾ ਹੈ, ਜਿਵੇਂ ਹੇਠਲੀਆਂ ਸਤਰਾਂ ਤੋਂ ਪ੍ਰਗਟ ਹੈ :

੩੨