ਪੰਨਾ:First Love and Punin and Babúrin.djvu/150

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

134

ਪਹਿਲਾ ਪਿਆਰ

ਸਾਫ਼ ਸਾਫ਼ ਵਿਖਾਈ ਦਿੰਦੇ ਸਨ। ਉਮੀਦ ਦੇ ਪਹਿਲੇ ਕੁਝ ਪਲ ਬਹੁਤ ਅਜਮਾਇਸ਼ ਭਰੇ ਸਨ, ਲਗਭਗ ਭਿਆਨਕ। ਮੈਂ ਸਭ ਕੁਝ ਲਈ ਤਿਆਰ ਸੀ ਅਤੇ ਇਹ ਫੈਸਲਾ ਨਹੀਂ ਸੀ ਕਰ ਪਾ ਰਿਹਾ ਕਿ ਕਿਸ ਤਰ੍ਹਾਂ ਮੈਨੂੰ ਅੱਗੇ ਵਧਣਾ ਚਾਹੀਦਾ ਹੈ। ਕੀ ਮੈਨੂੰ ਇਹ ਕਹਿਣਾ ਚਾਹੀਦਾ ਹੈ: "ਤੂੰ ਕਿੱਥੇ ਜਾ ਰਿਹਾ ਹੈਂ? ਰੁਕ ਜਾਂ! ਇਕਬਾਲ ਕਰ, ਜਾਂ ਮਰ!" - ਜਾਂ ਬਸ ਦੁਸ਼ਮਣ ਨੂੰ ਟੁੱਟ ਕੇ ਪੈ ਜਾਵਾਂ। ਹਰ ਖੜਾਕ, ਹਰ ਗੁਣਗੁਣਾਹਟ ਮਹੱਤਵਪੂਰਣ ਅਤੇ ਅਜੀਬ ਜਾਪਦੀ ਸੀ। ਮੈਂ ਆਪਣੇ ਆਪ ਨੂੰ ਤਿਆਰ ਕੀਤਾ। ਮੈਂ ਅੱਗੇ ਨੂੰ ਝੁਕ ਗਿਆ। ਪਰ ਅੱਧਾ ਘੰਟਾ ਲੰਘ ਗਿਆ; ਮੇਰਾ ਖ਼ੂਨ ਥੋੜ੍ਹਾ ਸ਼ਾਂਤ ਹੋ ਗਿਆ, ਮੇਰਾ ਸਿਰ ਥੋੜ੍ਹਾ ਠੰਡਾ ਹੋ ਗਿਆ। ਇਹ ਸੁਰਤ ਵੀ ਆਉਣ ਲੱਗੀ ਸੀ ਕਿ ਮੈਂ ਸਭ ਕੁਝ ਐਵੇਂ ਹੀ ਕਰ ਰਿਹਾ ਸੀ ਅਤੇ ਸਗੋਂ ਮੈਂ ਹਾਸੋਹੀਣਾ ਵੀ ਲੱਗਦਾ ਸੀ, ਕਿ ਮਾਲੇਵਸਕੀ ਮੇਰਾ ਮਖੌਲ ਉਡਾ ਰਿਹਾ ਸੀ। ਮੈਂ ਆਪਣਾ ਘਾਤਵਾੜਾ ਛੱਡ ਦਿੱਤਾ, ਅਤੇ ਪੂਰੇ ਬਾਗ਼ ਦੀ ਗਸ਼ਤ ਲਾਉਣੀ ਸ਼ੁਰੂ ਕਰ ਦਿੱਤੀ। ਕਿਤੋਂ ਕੋਈ ਅਵਾਜ਼ ਸੁਣਾਈ ਨਹੀਂ ਸੀ ਦੇ ਰਹੀ। ਇੱਥੋਂ ਤੱਕ ਕਿ ਸਾਡਾ ਕੁੱਤਾ ਵੀ ਦਰਵਾਜ਼ੇ ਮੂਹਰੇ ਗੇਂਦ ਬਣਿਆ ਸੁੱਤਾ ਪਿਆ ਸੀ। ਮੈਂ ਬਰਬਾਦ ਹੋਏ ਕੁੰਜ ਦੀ ਕੰਧ ਉੱਤੇ ਚੜ੍ਹ ਗਿਆ, ਅਤੇ ਉਥੋਂ ਵਿਆਪਕ ਪਸਾਰੇ ਦਾ ਸਰਵੇਖਣ ਕੀਤਾ। ਮੈਨੂੰ ਜ਼ਿਨੈਦਾ ਨਾਲ ਮੇਰੀ ਮੁਲਾਕਾਤ ਯਾਦ ਆਈ ਅਤੇ ਸੋਚਾਂ ਵਿੱਚ ਪੈ ਗਿਆ।

ਮੈਂ ਕੰਬਣ ਲੱਗਿਆ। ਮੈਨੂੰ ਅਚਾਨਕ ਇੱਕ ਬੂਹੇ ਦੇ ਖੁੱਲ੍ਹਣ ਦੀ ਆਵਾਜ਼ ਸੁਣ ਹੈਰਾਨ ਹੋ ਗਿਆ। ਇਸ ਦੇ ਬਾਅਦ ਟਾਹਣੀਆਂ ਦੇ ਕੜਕਣ ਦੀ ਆਵਾਜ਼ ਸੁਣਾਈ ਦਿੱਤੀ। ਦੋ ਛਾਲਾਂ ਮਾਰ ਮੈਂ ਕੰਧ ਤੋਂ ਥੱਲੇ ਉੱਤਰ ਗਿਆ ਅਤੇ ਥਾਈ ਜੰਮਿਆ ਖੜ੍ਹਾ ਰਿਹਾ। ਮੈਂ ਬਾਗ਼ ਵਿਚ ਤੇਜ਼, ਹਲਕੇ ਅਤੇ ਸਾਵਧਾਨ ਕਦਮਾਂ ਦੀ ਆਵਾਜ਼ ਸਾਫ਼ ਸਾਫ਼ ਸੁਣੀ। ਇਹ ਕਦਮ ਮੇਰੇ ਵੱਲ ਆ ਰਹੇ ਸੀ। "ਇਹ ਉਹ ਹੈ - ਆਖ਼ਰ ਇਹ ਉਹੀ ਹੈ!" ਮੈਂ ਆਪਣੇ ਆਪ ਨੂੰ ਕਿਹਾ। ਮੈਂ ਆਪਣੀ ਜੇਬ ਵਿਚੋਂ ਚਾਕੂ ਬਾਹਰ ਕਢਿਆ, ਅਤੇ ਇਸ ਨੂੰ ਖੋਲ੍ਹ ਲਿਆ। ਮੇਰੀਆਂ ਅੱਖਾਂ ਦੇ ਸਾਹਮਣੇ ਲਾਲ ਚੰਗਿਆੜੇ ਨੱਚ ਰਹੇ ਸਨ ਅਤੇ ਦਹਿਸ਼ਤ ਅਤੇ ਨਫ਼ਰਤ ਨਾਲ ਮੇਰੇ ਲੂੰ ਖੜ੍ਹੇ ਹੋ ਗਏ ਸਨ। ਮੈਂ ਕੋਡਾ ਹੋ ਕੇ ਹਮਲਾ ਕਰਨ ਲਈ ਅੱਗੇ ਵਧਿਆ। ਇੱਕ ਆਦਮੀ ਪ੍ਰਗਟ ਹੋਇਆ ...ਓਏ ਰੱਬਾ! ਇਹ ਮੇਰਾ ਪਿਤਾ ਸੀ!