ਸਮੱਗਰੀ 'ਤੇ ਜਾਓ

ਪੰਨਾ:Guru Granth Tey Panth.djvu/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੭)

ਧਰਮ ਦਾ ਪ੍ਰਚਾਰ ਤੇ ਅਪਣਾ ਕੌਮੀ ਇੰਤਜ਼ਾਮ ਕਰ ਸਕਦਾ ਹੈ। ਗੁਰੂ ਆਸ਼ੇ ਦਾ ਪ੍ਰਚਾਰ ਕਰਨ ਵਾਸਤੇ ਨਵੀਂ ਤੋਂ ਨਵੀਂ ਕਾਢ ਭੀ ਕਢ ਸਕਦਾ ਹੈ। ਪਰ ਗੁਰਬਾਣੀ ਦੇ ਅਸਲ ਭਾਵ ਤੋਂ ਬਾਹਰ ਨਹੀਂ ਹੋ ਸਕਦਾ। ਮੁਕਦੀ ਗਲ ਗੁਰੂ ਗੋਬਿੰਦ ਸਿੰਘ ਜੀ ਨੇ ਖੁਦ ਅੰਮ੍ਰਿਤ ਛੱਕਣ ਸਮੇਂ ਪੰਥ ਨੂੰ ਅਸੂਲਨ ਗੁਰੂ ਰੂਪ ਤਸਲੀਮ ਕਰ ਲਿਆ, ਤੇ ਅਪਣੇ ਜੋਤੀ ਜੋਤ ਸਮਾਉਂਣ ਸਮੇਂ ਬਾਕਾਇਦਾ ਰਸਮ ਭੀ ਅਦਾ ਕਰ ਦਿੱਤੀ। ਕਈ ਸੱਜਣ ਪੁਛਿਆ ਕਰਦੇ ਹਨ ਕਿ ਗੁਰੂ ਅਰਜਨ ਦੇਵ ਜੀ ਦੇ ਸਮੇਂ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਬੰਨ੍ਹੀ ਗਈ ਸੀ, ਅਗੋਂ ਪੰਜ ਗੁਰੂ ਹੋਰ ਕਿਉਂ ਹੋਏ ? ਇਸਦਾ ਉੱਤਰ ਉਪਰ ਆ ਚੁਕਾ ਹੈ ਕਿ ਅਗੇ ਪੰਥ ਪੂਰੀ ਤਰਾਂ ਮੁਕੰਮਲ ਨਹੀਂ ਸੀ ਹੋਇਆ। ਪਰ ਇਹ ਸੱਚ ਹੈ ਕਿ ਗੁਰਬਾਣੀ ਦਾ ਇਹ ਉੱਚ ਦਰਜਾ ਗੁਰੂ ਜੀ ਮੁੱਢ ਤੋਂ ਹੀ ਮੰਨ ਚੁਕੇ ਸਨ ਕਿ ਬਣੀ ਗੁਰੂ, ਗੁਰੂ ਹੈ ਬਾਣੀ, ਵਿਚਿ ਬਾਣੀ ਅੰਮ੍ਰਿਤ ਸਾਰੇ। ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ।

[ਰਾਗ ਨਟ ਨਾਰਾਇਣ ਮ:੪]

ਸਤਿਗੁਰ ਬਚਨ ਬਚਨ ਹੈ ਸਤਿਗੁਰ ਕਰ ਪਾਧਰੁ ਮੁਕਤਿ ਜਨਾਵੈਗੋ। (ਰਾਗ ਕਾਨੜਾ ਮ:੪) 'ਗੁਰ ਮੂਰਤਿ ਗੁਰ ਸ਼ਬਦ ਹੈ। (ਵਾਰ ਭਾਈ ਗੁਰਦਾਸ)

ਕਈ ਸੱਜਣ ਆਖਿਆ ਕਰਦੇ ਹਨ ਕਿ ਗੁਰੂ ਦੀ ਮੂਰਤੂ ਪੂਜਣੀ ਚਾਹੀਦੀ ਹੈ, ਸੋ ਉਨ੍ਹਾਂ ਦੇ ਉੱਤਰ ਵਿੱਚ ਭਾਈ ਗੁਦਾਸ ਜੀ ਦਾ ਉਕੁਤ ਬਚਨ ਬੜਾ ਹੀ ਠੀਕ ਹੈ।