ਪੰਨਾ:Khapatvaad ate Vatavaran Da Nuksan.pdf/2

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਖਪਤਵਾਦ ਅਤੇ ਵਾਤਾਵਰਨ ਦਾ ਨੁਕਸਾਨ


ਜਾਣ-ਪਛਾਣ:

ਅੱਜ ਸੰਸਾਰ ਪੱਧਰ ਉੱਤੇ ਖਪਤਵਾਦ (ਕੰਜ਼ਿਉਮਰਿਜ਼ਮ) ਨੇ ਲੋਕਾਂ ਦੇ ਰਹਿਣ ਸਹਿਣ ਨੂੰ ਪੂਰੀ ਤਰ੍ਹਾਂ ਆਪਣੇ ਕਲਾਵੇ ਵਿੱਚ ਲਿਆ ਹੋਇਆ ਹੈ। ਓਪਰੀ ਨਜ਼ਰ ਨਾਲ ਦੇਖਿਆਂ ਖਪਤਵਾਦ (ਕੰਜ਼ਿਉਮਰਿਜ਼ਮ) ਦਾ ਇਹ ਪਸਾਰ ਤਰੱਕੀ ਅਤੇ ਖੁਸ਼ਹਾਲੀ ਦਾ ਪ੍ਰਤੀਕ ਨਜ਼ਰ ਆਉਂਦਾ ਹੈ। ਪਰ ਇਸ ਨੂੰ ਡੂੰਘਾਈ ਨਾਲ ਦੇਖਿਆਂ ਸਾਨੂੰ ਸਮਝ ਆਉਂਦੀ ਹੈ ਕਿ ਇਹ ਧਰਤੀ ਦੇ ਵਾਤਾਵਰਨ ਦੇ ਵਿਨਾਸ਼ ਦਾ ਇਕ ਵੱਡਾ ਕਾਰਨ ਹੈ। ਦਿਨੋ ਦਿਨ ਲੋਕਾਂ ਦੇ ਜੀਵਨ ਉੱਤੇ ਵਧਦੀ ਜਾਂਦੀ ਖਪਤਵਾਦ (ਕੰਜ਼ਿਉਮਰਿਜ਼ਮ) ਦੀ ਜਕੜ ਵਾਤਾਵਰਨ ਦੇ ਸੰਕਟ ਨੂੰ ਹੋਰ ਡੂੰਘਾ ਕਰੀ ਜਾਂਦੀ ਹੈ ਅਤੇ ਲੋਕਾਂ ਅਤੇ ਧਰਤੀ ਦੀ ਖੁਸ਼ਹਾਲੀ ਅਤੇ ਹੋਂਦ ਲਈ ਖਤਰਾ ਬਣਦੀ ਜਾਂਦੀ ਹੈ। ਇਸ ਲਈ ਖਪਤਵਾਦ ਅਤੇ ਵਾਤਾਵਰਨ ਦੇ ਨੁਕਸਾਨ ਦੇ ਆਪਸੀ ਸੰਬੰਧ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਇਸ ਦੇ ਨਾਲ ਨਾਲ ਇਹ ਸਮਝਣਾ ਵੀ ਜ਼ਰੂਰੀ ਹੈ ਕਿ ਸੰਸਾਰ ਪੱਧਰ ਉੱਤੇ ਖਪਤਵਾਦ ਦੀ ਵਧ ਰਹੀ ਜਕੜ ਦੇ ਕੀ ਕਾਰਨ ਹਨ। ਇਹ ਸਮਝਣ ਲਈ ਅਸੀਂ ਇਸ ਲੇਖ ਵਿੱਚ ਅੱਗੇ ਦਿੱਤੀਆਂ ਗੱਲਾਂ ’ਤੇ ਵਿਚਾਰ ਕਰਾਂਗੇ: ਖਪਤਵਾਦ ਅਤੇ ਇਸ ਦਾ ਪਸਾਰ, ਖਪਤਵਾਦ ਅਤੇ ਵਾਤਾਵਾਰਨ ਦਾ ਨੁਕਸਾਨ ਅਤੇ ਖਪਤਵਾਦ ਦੇ ਪਸਾਰ ਦੇ ਬੁਨਿਆਦੀ ਕਾਰਨ।


ਖਪਤਵਾਦ ਅਤੇ ਇਸ ਦਾ ਪਸਾਰ

ਸਭ ਤੋਂ ਪਹਿਲਾਂ ਸਾਨੂੰ ਇਸ ਗੱਲ ਬਾਰੇ ਸਪਸਟ ਹੋਣਾ ਚਾਹੀਦਾ ਹੈ ਕਿ ਖਪਤਵਾਦ ਹੈ ਕੀ? ਮਨੁੱਖ ਨੂੰ ਜ਼ਿੰਦਾ ਰਹਿਣ ਲਈ ਰੋਟੀ, ਕੱਪੜੇ ਅਤੇ ਮਕਾਨ ਦੀ ਲੋੜ ਪੈਂਦੀ ਹੈ ਅਤੇ ਇਸ ਲੋੜ ਨੂੰ ਪੂਰਾ ਕਰਨ ਲਈ ਵਸਤਾਂ/ਸੇਵਾਵਾਂ ਦਾ ਇਸਤੇਮਾਲ ਖਪਤਵਾਦ ਨਹੀਂ ਹੈ। ਪਰ ਜਦੋਂ ਵਸਤਾਂ/ਸੇਵਾਵਾਂ ਨੂੰ ਹਾਸਲ ਕਰਨਾ ਹੀ ਮਨੁੱਖ ਦੀ ਜ਼ਿੰਦਗੀ ਦਾ ਵੱਡਾ ਮਕਸਦ ਬਣ ਜਾਵੇ ਅਤੇ ਉਹ ਵਸਤਾਂ/ਸੇਵਾਵਾਂ ਹਾਸਲ ਕਰਨ ਨੂੰ ਆਪਣੀ ਪਹਿਚਾਣ, ਪ੍ਰਾਪਤੀ, ਸਮਾਜ ਵਿੱਚ ਆਪਣੇ ਰੁਤਬੇ ਦਾ ਆਧਾਰ ਸਮਝਣ ਲਗ ਪਵੇ ਤਾਂ ਅਸੀਂ ਕਹਿ ਸਕਦੇ ਹਾਂ ਕਿ ਉਹ ਖਪਤਵਾਦ ਦਾ ਸ਼ਿਕਾਰ ਹੈ। ਵਰਡਵਾਚ ਇੰਸਟੀਚਿਊਟ ਦਾ ਸੀਨੀਅਰ ਖੋਜੀ, ਐਰਿਕ ਐਸਾਡੋਰੀਅਨ, ਬ੍ਰਿਟਿਸ਼ ਅਰਥਸ਼ਾਸਤਰੀ ਪਾਲ ਈਕਿਨਜ਼ ਦੇ ਹਵਾਲੇ ਨਾਲ ਲਿਖਦਾ ਹੈ ਕਿ ਖਪਤਵਾਦ ਅਜਿਹੀ ਸਭਿਆਚਾਰਕ ਸੋਚ ਹੈ ਜਿਸ ਅਨੁਸਾਰ ਸਮਾਜ ਵਿੱਚ “ਵੱਧ ਤੋਂ ਵੱਧ ਵਸਤਾਂ ਅਤੇ ਸੇਵਾਵਾਂ ਦੀ ਮਾਲਕੀ ਅਤੇ ਵਰਤੋਂ ਸਭਿਆਚਾਰਕ ਤੌਰ ’ਤੇ ਮੁੱਖ ਨਿਸ਼ਾਨਾ ਬਣ ਜਾਂਦੀ ਹੈ ਅਤੇ (ਇਸ ਨੂੰ) ਨਿੱਜੀ ਖੁਸ਼ੀ,

2