ਪੰਨਾ:Khapatvaad ate Vatavaran Da Nuksan.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇ ਪ੍ਰਬੰਧ ਨੂੰ ਬਿਲਕੁੱਲ ਅੱਖੋਂ ਉਹਲੇ ਕਰ ਦਿੰਦੀ ਹੈ। 88 ਖਪਤਵਾਦ ਕਿਸ ਤਰ੍ਹਾਂ ਸਾਡੇ ਅਜੋਕੇ ਆਰਥਿਕ ਪ੍ਰਬੰਧ ਦੇ ਸੰਕਟ ਵਿੱਚ ਪੈਦਾ ਹੋਇਆ ਹੈ, ਕਿਸ ਤਰ੍ਹਾਂ ਵਸਤਾਂ ਦੇ ਉਤਪਾਦਕ ਲੋਕਾਂ ਵਿੱਚ ਵਸਤਾਂ ਦੀਆਂ ਚਾਹਤਾਂ ਪੈਦਾ ਕਰਦੇ ਹਨ, ਕਿਸ ਤਰ੍ਹਾਂ ਸਰਕਾਰਾਂ ਖਪਤਵਾਦ ਨੂੰ ਤਰੱਕੀ ਅਤੇ ਖੁਸ਼ਹਾਲੀ ਦਾ ਪ੍ਰਤੀਕ ਮੰਨ ਕੇ ਆਪਣੀਆਂ ਨੀਤੀਆਂ ਨਾਲ ਖਪਤਵਾਦ ਦੇ ਪਸਾਰ ਵਿੱਚ ਯੋਗਦਾਨ ਪਾਉਂਦੀਆਂ ਹਨ, ਰੀਸਾਇਕਲਿੰਗ ਦੀ ਧਾਰਨਾ ਇਹਨਾਂ ਸਾਰੇ ਸਵਾਲਾਂ ਦੀ ਹੋਂਦ ਤੋਂ ਅੱਖਾਂ ਮੀਟ ਲੈਂਦੀ ਹੈ। ਨਤੀਜੇ ਵਜੋਂ ਰੀਸਾਈਕਲਿੰਗ ਹੋਰ ਜ਼ਿਆਦਾ ਉਤਪਾਦਨ, ਖਪਤਵਾਦ ਅਤੇ ਕੂੜੇ ਕਰਕਟ ਦੇ ਉਤਪਾਦਨ ਨੂੰ ਉਤਸ਼ਾਹਿਤ ਕਰਦੀ ਹੈ। 89

ਜੇ ਅਸੀਂ ਸੱਚਮੁੱਚ ਹੀ ਖਪਤਵਾਦ ਕਾਰਨ ਵਾਤਾਵਰਨ ਨੂੰ ਹੋਣ ਵਾਲੇ ਨੁਕਸਾਨ ਦੇ ਹੱਲ ਬਾਰੇ ਸੋਚਣਾ ਹੈ ਤਾਂ ਸਾਨੂੰ ਖਪਤਵਾਦ ਪਿੱਛੇ ਕੰਮ ਕਰਦੀ ਚਾਲਕ ਸ਼ਕਤੀ (ਡਰਾਈਵਿੰਗ ਫੋਰਸ) ਬਾਰੇ ਆਲੋਚਨਾਤਮਕ ਨਜ਼ਰੀਏ ਨਾਲ ਗੌਰ ਕਰਨਾ ਪਵੇਗਾ। ਇਹ ਚਾਲਕ ਸ਼ਕਤੀ ਹੈ ਵਸਤਾਂ ਦੇ ਉਤਪਾਦਨ ਦਾ ਪ੍ਰਬੰਧ। ਸਾਨੂੰ ਇਹ ਸਵਾਲ ਕਰਨਾ ਪਵੇਗਾ ਕਿ ਕੀ ਵਸਤਾਂ ਦੇ ਉਤਪਾਦਨ ਦਾ ਅਜੋਕਾ ਪ੍ਰਬੰਧ ਦੁਨੀਆ ਦੇ ਸਾਰੇ ਲੋਕਾਂ ਦੀਆਂ ਲੋੜਾਂ ਦੀ ਪੂਰਤੀ ਲਈ ਕੰਮ ਕਰ ਰਿਹਾ ਹੈ ਜਾਂ ਇਹ ਦੁਨੀਆ ਦੇ ਇਕ-ਚੌਥਾਈ ਜਾਂ ਇਕ-ਤਿਹਾਈ ਲੋਕਾਂ ਲਈ ਉਤਪਾਦਨ ਕਰ ਰਿਹਾ ਹੈ? ਕੀ ਅਜੋਕਾ ਉਤਪਾਦਨ ਪ੍ਰਬੰਧ ਸਮੁੱਚੇ ਲੋਕਾਂ ਲਈ ਖੁਸ਼ਹਾਲੀ ਪੈਦਾ ਕਰਦਾ ਹੈ, ਜਿਸ ਦਾ ਕਿ ਇਸ ਦੇ ਸਮਰਥਕ ਦਾਅਵਾ ਕਰਦੇ ਹਨ, ਜਾਂ ਇਹ ਦੁਨੀਆ ਵਿੱਚ ਬਹੁਤ ਸਾਰੇ ਲੋਕਾਂ ਨੂੰ ਆਪਣੀਆਂ ਮੁਢਲੀਆਂ ਲੋੜਾਂ ਲਈ ਲੋੜੀਂਦੇ ਵਸੀਲਿਆਂ ਤੋਂ ਵੰਚਿਤ ਕਰ ਰਿਹਾ ਹੈ? ਸਭ ਤੋਂ ਪ੍ਰਮੁੱਖ ਸਵਾਲ ਸਾਨੂੰ ਇਹ ਕਰਨਾ ਪਵੇਗਾ ਕਿ ਕੀ ਇਹ ਉਤਪਾਦਨ ਪ੍ਰਬੰਧ ਸਸਟੇਨੇਬਲ (ਕਾਇਮ ਰਹਿਣ ਯੋਗ) ਹੈ? ਮੌਜੂਦਾ ਉਤਪਾਦਨ ਪ੍ਰਬੰਧ ਬਾਰੇ ਕੀਤੇ ਗਏ ਇਹੋ ਜਿਹੇ ਸਵਾਲ ਹੀ ਸਾਨੂੰ ਖਪਤਵਾਦ ਕਾਰਨ ਵਾਤਾਵਰਨ ਲਈ ਪੈਦਾ ਹੋਣ ਵਾਲੇ ਖਤਰਿਆਂ ਦੇ ਹੱਲ ਲੱਭਣ ਦਾ ਰਾਹ ਦਿਖਾਉਣਗੇ। ●






88 Rogers, Heather (2007).

89 Rogers, Heather (2007).

40