ਪੰਨਾ:Macbeth Shakespeare in Punjabi by HS Gill.pdf/42

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਜੇ ਜ਼ਰੂਰੀ ਹੋ ਜੇ ਏਦਾਂ, ਆਪਣਾ ਆਪ ਬਚਾਵਣ ਖਾਤਰ।
{ਪ੍ਰਸਥਾਨ}

ਸੀਨ-2


ਓਹੀ-ਕਿਲੇ ਤੋਂ ਬਾਹਰ।-

{ਪ੍ਰਵੇਸ਼ ਰੌਸ ਅਤੇ ਇੱਕ ਬੁੱਢੇ ਦਾ}

ਬੁੱਢਾ:ਤਿੰਨ ਵੀਹਾਂ ਤੇ ਦਸ ਵਰ੍ਹਿਆਂ ਦੀ, ਹਰ ਗੱਲ ਚੰਗੀ ਯਾਦ ਹੈ ਮੈਨੂੰ:
ਘੜੀਆਂ ਘੋਰ ਭਿਅੰਕਰ ਏਸ ਦੌਰਾਨ, ਗੱਲਾਂ ਅਜੀਬ ਅਨੇਕ ਵੇਖੀਆਂ;
ਪਰ ਇਸ ਰਾਤ ਦੇ ਦੁੱਖ ਮਹਾਨ, ਸਾਰੀਆਂ ਉੱਤੇ ਮਿੱਟੀ ਪਾਈ।
ਰੌਸ:ਚੰਗੇ ਬਾਪੂ ਵੇਖ ਲੈ ਆਪੇ:
ਅੰਬਰ ਉੱਪਰ ਦੁਖੀ ਬੜੇ ਨੇ, ਬੰਦੇ ਦੀ ਬਦ-ਕਰਨੀ ਉੱਤੇ,
ਲਹੂਲਹਾਣ ਮੰਚ ਤੇ ਉਹਦੇ, ਵੱਜਰ ਪੁਰਜ਼ੋਰ ਘੁਮਾਈਂ ਜਾਂਦੇ :
ਘੜੀ ਤਾਂ ਆਖੇ ਦਿਨ ਹੈ ਚੜ੍ਹਿਆ, ਸਿੱਲ੍ਹੀ ਰਾਤ ਹਨੇਰੀ ਨੇ ਪਰ
ਰਾਹੀ ਵਾਲਾ ਲੈਂਪ ਬੁਝਾਇਐ;
ਨ੍ਹੇਰੀ ਰਾਤ ਨੇ ਕਾਬੂ ਪਾਇਐ, ਜਾਂ ਫਿਰ ਦਿਨ ਹੀ ਸ਼ਰਮਸਾਰ ਹੈ:
ਕਿ ਰੌਸ਼ਨ ਚਿਹਰਾ ਘੋਰ ਨ੍ਹੇਰ ਨੇ, ਧਰਤੀ ਵਿੱਚ ਹੈ ਜਾ ਦਫਨਾਇਆ,
ਜਿਸ ਚਿਹਰੇ ਨੇ ਏਸ ਧਰਤ ਦਾ, ਮੁਖੜਾ ਚੁੰਮ ਰੌਸ਼ਨਾਣਾ ਹੈ ਸੀ?
ਬੁੱਢਾ: ਬੜਾ ਅਸੁਭਾਵਿਕ, ਗ਼ੈਰ-ਕੁਦਰਤੀ , ਬਿਲਕੁਲ 'ਕੀਤੇ ਕਾਰੇ' ਵਰਗਾ।
ਪਿਛਲੇ ਮੰਗਲਵਾਰੇ ਇੱਕ ਸ਼ਿਕਰੇ ਨੂੰ, ਹੰਕਾਰੀ ਬੜੀ ਪਰਵਾਜ਼ 'ਚੋਂ ਉਹਦੀ,
ਚੂਹੇ-ਖਾਣੇ ਇੱਕ ਉੱਲੂ ਨੇ, ਮਾਰ ਝਪੱਟਾ ਬਾਜ਼ ਵਾਂਗਰਾਂ ਮਾਰ ਸੁੱਟਿਆ।
ਰੌਸ: ਤੇ ਡੰਕਨ ਦੇ ਅਸ਼ਵ ਅਨੋਖੇ,-ਅਚਰਜ ਬੜੀ ਪਰ ਪੱਕੀ ਗੱਲ ਹੈ-
ਤੇਜ਼-ਤਰਾਰ ਤੇ ਸੁੰਦਰ, ਸੁਹਣੇ, ਅਸਲ ਨਸਲ ਦੇ ਪੱਕ-ਨਮੂਨੇ,
ਬਦਲ ਅਚਾਨਕ ਫਿਤਰਤ ਅਪਣੀ, ਰਿਅ੍ਹਾ ਜਾਂਗਲੀ ਹੋ ਗੇ ਸਾਰੇ,
ਤਬੇਲੇ, ਖੁਰਲੀ ਤੋੜ ਭੰਨ ਕੇ, ਮਾਰ ਛੜੱਪੇ ਭੱਜ ਗੇ ਸਾਰੇ,
ਤਾਅਬੇਦਾਰੀ ਭੁੱਲੀ ਸਾਰੀ, ਇਨਸਾਨ ਵਿਰੁੱਧ ਜਿਉਂ ਜੰਗ ਐਲਾਨੀ।
ਬੁੱਢਾ:ਸੁਣਿਐ ਇੱਕ ਦੂਜੇ ਨੂੰ ਵੱਢ ਰਹੇ ਸੀ?
ਰੌਸ:ਇਹੋ ਉਹਨਾਂ ਕੀਤਾ; ਡੇਲੇ ਮੇਰੇ ਵੇਖ ਉਨ੍ਹਾਂ ਨੂੰ ਰਹਿਗੇ ਟੱਡੇ।
ਮੈਕਡਫ ਸਾਊ ਆ ਰਿਹੈ ਸਾਹਮਣੇ।
{ਪ੍ਰਵੇਸ਼ ਮੈਕਡਫ}

41