ਪੰਨਾ:Macbeth Shakespeare in Punjabi by HS Gill.pdf/63

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਐਕਟ-4



ਸੀਨ-1


ਇੱਕ ਨ੍ਹੇਰੀ ਗੁਫਾ। ਵਿਚਕਾਰ ਇਕ ਉਬਲਦਾ ਕੜਾਹਾ

{ਗਰਜਣ ਦੀ ਭਿਆਨਕ ਆਵਾਜ਼; ਪ੍ਰਵੇਸ਼ ਤਿੰਨਾਂ ਚੁੜੇਲਾਂ ਦਾ}

ਚੁੜੇਲ-1:ਚਿੱਤੀ ਬਿੱਲੀ ਤਿਹਰ ਮਿਆਊਂ
ਚੁੜੇਲ-2:ਚੀਕਿਆ ਸੂਕਰ ਤਿਹਰ ਟਿਆਂਊਂ
ਚੁੜੇਲ-3:ਵਾਦਕ ਚੀਕੇ : ਆ ਗਿਆ ਵੇਲ਼ਾ, ਆ ਗਿਆ ਵੇਲ਼ਾ
ਚੁੜੇਲ-1:ਪ੍ਰਕਰਮਾ ਕਰੋ ਕੜਾਹੀ ਵਾਲੀ ;
ਵਿਸ਼ ਭਰ ਅੰਤੜੀਆਂ ਵਿੱਚ ਪਾਓ।-
ਇੱਕ-ਸਿੰਗਾ ਡੱਡੂ, ਠੰਡੇ, ਯੱਖ ਪੱਥਰ ਦੇ ਥੱਲੇ,
ਨੀਂਦ 'ਚ ਗੁੰਮ, ਪਸੀਨੇ ਭਿੱਜਾ,
ਰਾਤ ਦਿਨੇ, ਮਹੀਨਾ ਪੂਰਾ, ਵਿਸ਼ ਜੋ ਘੋਲੇ,
ਦਿਨ ਇਕੱਤੀ ਜਦ ਨਿੱਕਲ ਚੱਲੇ,
ਸ਼ੀਸ਼ੀ ਭਰੋ ਤੇ ਪਾਓ ਪਤੀਲੇ, ਜਾਦੂ ਦੇ ਇਸ ਬਰਤਨ ਅੰਦਰ ਦਿਓ ਉਬਾਲ਼ੇ !
ਤਿੰਨੇ ਚੁੜੇਲਾਂ:ਦੋਹਰੀ, ਦੋਹਰੀ, ਕਰੋ ਮੁਸ਼ੱਕਤ ਤਿਹਰੀ; ਮਾਰੋ ਫੂਕਾਂ, ਭੱਠ ਭਖਾਓ ;
ਬਾਲ਼ੋ ਅੱਗ ਕੜਾਹੀ ਥੱਲੇ, ਨੱਚਣ ਬੁਲਬੁਲੇ, ਆਏ ਉਬਾਲ਼ੀ ;
ਚੁੜੇਲ-2:ਸੱਪ ਦਲਦਲੀ ਫਿਰ ਸੁੱਟੋ ਅੰਦਰ, ਤਲ਼ੋ ਖੂਬ ਬਣਾਓ ਪਕੌੜਾ;
ਡੇਲੇ ਕੱਢੋ ਕਿਰਲੀ ਵਾਲੇ, ਮਾਰ ਹਥੌੜਾ;
ਡੱਡੂ ਵਾਲਾ ਪੰਜਾ ਭੰਨੋ, ਚਮਗਿੱਦੜ ਦੀ ਉੱਨ ਲਿਆਓ,
ਦੁਸਾਂਗੀ ਜੀਭ 'ਜਲੇਬੀ ' ਵਾਲੀ,
ਹਲ਼ਕੇ ਹੋਏ ਕਤੂਰੇ ਵਾਲੀ, ਖੁਸ਼ਕ ਜ਼ੁਬਾਂ ਦਾ ਟੋਟਾ ਪਾਓ;
ਗੋਹ ਦੀ ਟੰਗ, ਦੰਦ ਗੰਡੋਆ, ਪੰਖ ਉੱਲੂ ਦਾ ਝੜਿਆ ਹੋਇਆ:
ਕੱਠੇ ਕਰ ਕੜਾਹੀ ਪਾਓ:
ਤਰੀ ਕਰਾਰੀ, ਨਰਕਾਂ ਵਾਲੀ, ਖੂਬ ਉਬਾਲ਼ੋ , ਪਿਆਲੇ ਪਾਓ,
ਜਾਦੂ ਨਵਾਂ ਇੱਕ ਘੋਰ ਸੰਕਟ ਦਾ, ਆਪਣੀ ਝੋਲੀ ਪਾਓ।

62