ਪੰਨਾ:Macbeth Shakespeare in Punjabi by HS Gill.pdf/72

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਤੀਵੀਂਆਂ ਵਾਲੀਆਂ ਦਿਆਂ ਦਲੀਲਾਂ: ਆਖਾਂ ਕੁੱਝ ਨਹੀਂ ਮੈਂ ਮਾੜਾ ਕੀਤਾ?-
ਆਹ ਕਿਹੜੇ ਨੇ ਆਉਂਦੇ ਸਾਹਵੇਂ?
{ਕਾਤਲ ਪ੍ਰਵੇਸ਼ ਕਰਦੇ ਹਨ}

ਕਾਤਲ-1:ਕਿੱਥੇ ਕੰਤ ਹੈ ਤੇਰਾ?
ਲੇਡੀ ਮੈਕਬੈਥ:ਨਾਪਾਕ ਅਜਿਹੀ ਥਾਂ ਨਹੀਂ ਹੋਣੀ, ਜਿੱਥੇ ਲੱਭੇ ਤੇਰੇ ਜਿਹਾਂ ਨੂੰ।
ਕਾਤਲ-1:ਦੇਸ਼ ਧਰੋਹੀ ਗੱਦਾਰ ਹੈ ਉਹੋ।
ਬੇਟਾ:ਬਕਦੈਂ ਜੱਤਲ ਬਦਮਾਸ਼ਾ!
ਕਾਤਲ-1:ਕੀ ਬੋਲੇਂ ਤੂੰ, ਸੜੀਅਲ ਆਂਡੇ, ਗੱਦਾਰੀ ਦੇ ਤੇਲ ਤਲ਼ਾਏ?(ਖੰਜਰ ਘੋਂਪਦਾ ਹੈ)
ਬੇਟਾ:ਮਾਰ ਦਿੱਤਾ ਨੀ ਹਾਏ, ਅਮੜੀਏ: ਨੱਸ ਜਾ ਏਥੋਂ, ਅਰਜ਼ ਕਰਾਂ ਮੈਂ!
{ਮਰ ਜਾਂਦਾ ਹੈ; ਲੇਡੀ ਮੈਕਡਫ "ਖੂਨ, ਖੂਨ" ਦਾ ਰੌਲ਼ਾ ਪਾਉਂਦੀ ਦੌੜਦੀ ਹੈ,
ਕਾਤਲ ਪਿੱਛਾ ਕਰਦੇ ਹਨ}

ਸੀਨ-3


ਇੰਗਲੈਂਡ। ਰਾਜ ਮਹਿਲ ਦੇ ਸਾਹਵੇਂ

{ਪ੍ਰਵੇਸ਼ ਮੈਲਕੌਲਮ ਅਤੇ ਮੈਕਡਫ ਦਾ}

ਮੈਲਕੌਲਮ:ਕੱਲੀ ਕਾਰੀ ਛਾਂ ਕੋਈ ਲੱਭੀਏ, ਦੁਖੜੇ ਰੋਈਏ ਸਾਰੇ,
ਹੌਲ਼ਾ ਕਰੀਏ ਭਾਰ ਦਿਲਾਂ ਦਾ।
ਮੈਕਡਫ:ਚੰਗਾ ਹੋ ਸੀ ਖੜਗਾਂ ਘਾਤਕ, ਘੁੱਟ ਕੇ ਫੜੀਏ ਮਰਦਾਂ ਵਾਂਗੂੰ,
ਖੁੱਸੀ, ਹਾਰੀ ਜਨਮ ਭੂਮੀ ਦੇ ਪੰਧ ਨਾਪੀਏ;
ਹਰ ਨਵੇਂ ਦਿਨ ਨਵੀਆਂ ਵਿਧਵਾਵਾਂ ਵੈਣ ਪਾਉਂਦੀਆਂ;
ਨਵੇਂ ਅਨਾਥ ਪਾਉਣ ਕੀਰਨੇ; ਨਵੇਂ ਸੋਗ, ਰੰਜ ਨਵੇਂ ਨਿੱਤ
ਅੰਬਰ ਦਾ ਮੂੰ੍ਹਹ ਇਉਂ ਥਪੜਾਉਂਦੇ,
ਸੱਟ ਜਿਉਂ ਲੱਗੇ ਸਕਾਟਲੈਂਡ ਨੂੰ, ਦੁੱਖ ਅੰਬਰਾਂ ਨੂੰ ਹੋਵੇ:
ਵਿਲਕੀਂ ਜਾਵੇ, ਧਾਹਾਂ ਮਾਰੇ, ਐਸਾ ਗ਼ਮ ਦਾ ਸ਼ਬਦ ਸੁਣਾਵੇ।
ਮੈਲਕੌਲਮ:ਜੋ ਵਾਪਰਿਐ, ਵਿਸ਼ਵਾਸ ਹੈ ਮੈਨੂੰ, ਉਸ ਦਾ ਮੈਂ ਵਿਰਲਾਪ ਹੈ ਕਰਨਾ;
ਜੋ ਵੀ ਹੋਰ ਖਬਰ ਮਿਲੂਗੀ, ਉਸ ਤੇ ਵੀ ਵਿਸ਼ਵਾਸ ਕਰੂੰਂਗਾ;
ਚਾਰਾ ਜੋ ਵੀ ਕਰ ਸਕਦਾ ਹਾਂ, ਵਕਤ ਦਾ ਲੈ ਸਹਾਰਾ, ਕਰੂੰਗਾ ਪੱਕਾ।
ਆਪ ਨੇ ਜੋ ਵੀ ਦੱਸਿਐ ਮੈਨੂੰ, ਹੋ ਸੱਕਦੈ ਸਭ ਠੀਕ ਹੀ ਹੋਵੇ,

71